ਸੁਲਤਾਨਪੁਰ ਲੋਧੀ, 6 ਜੂਨ (ਨਰੇਸ਼ ਹੈਪੀ)-ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜੂਨ 1984 ਦੇ ਘੱਲੂਘਾਰੇ ਦੀਆਂ ਤਸਵੀਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੀ ਧਾਰਮਿਕ ਫ਼ਿਲਮ ਦਰਸ਼ਨੀ ਡਿਉੜੀ ਸਾਹਮਣੇ ਪਰਿਕਰਮਾ ਵਿਚ ਵੱਡੀ ਸਕਰੀਨ ਲਗਾ ਸੰਗਤਾਂ ਨੂੰ ਦਿਖਾਈ ਗਈ | ਇਸ ਮੌਕੇ ਸਕਰੀਨ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਤੇ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਵੱਲੋਂ ਕਰਵਾਈ ਗਈ | ਉਨਾਂ ਨਾਲ ਇਸ ਮੌਕੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਐਡੀਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਤੇ ਹੋਰ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ | ਇਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ ਜੂਨ ਦਾ ਪਹਿਲਾਂ ਹਫ਼ਤਾ ਸਿੱਖ ਮਾਨਸਿਕਤਾ ਲਈ ਬੇਹੱਦ ਪੀੜਾਮਈ ਹੈ | ਸੰਨ 1984 'ਚ ਜੂਨ ਦੇ ਪਹਿਲੇ ਹਫ਼ਤੇ ਉਸ ਸਮੇਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ 'ਤੇ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਨੂੰ ਡੂੰਘੇ ਜ਼ਖ਼ਮ ਦਿੱਤੇ ਹਨ, ਜੋ ਕੌਮ ਕਦੇ ਵੀ ਭੁੱਲ ਨਹੀਂ ਸਕਦੀ | ਇਸ ਘੱਲੂਘਾਰੇ ਵਿਚ ਜਿੱਥੇ ਅਨੇਕਾਂ ਸ਼ਹਾਦਤਾਂ ਹੋਈਆਂ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ | ਉਨਾਂ ਕਿਹਾ ਕਿ ਘੱਲੂਘਾਰੇ ਦੀ ਯਾਦ 'ਚ ਹਰ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਕਰਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ ਜਾਂਦਾ ਹੈ | ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਜਥੇਦਾਰ ਕਲਿਆਣ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ | ਉਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੰਘ ਸਿੱਖਾਂ ਦੇ ਵਿਰੁੱਧ ਹੋਏ ਜ਼ੁਲਮਾਂ ਵਿਰੁੱਧ ਸੰਘਰਸ਼ ਦੇ ਰਾਹ 'ਤੇ ਤੁਰੇ ਸਨ ਅਤੇ ਕਰੀਬ ਤਿੰਨ ਦਹਾਕਿਆਂ ਤੋਂ ਜੇਲਾਂ ਵਿਚ ਨਜ਼ਰਬੰਦ ਹਨ | ਸਰਕਾਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਰੰਤ ਫ਼ੈਸਲਾ ਕਰਨਾ ਚਾਹੀਦਾ ਹੈ | ਇਸ ਮੌਕੇ ਭਾਈ ਅਵਤਾਰ ਸਿੰਘ ਨੱਲ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ ਹੈੱਡ ਗ੍ਰੰਥੀ, ਜਸਵਿੰਦਰ ਸਿੰਘ ਰਿਕਾਰਡ ਕੀਪਰ, ਸੁਖਜਿੰਦਰ ਸਿੰਘ ਭਗਤਪੁਰ, ਸੁਖਵਿੰਦਰ ਸਿੰਘ ਥਿੰਦ ਤੇ ਪਵਨਦੀਪ ਸਿੰਘ ਕੈਸ਼ੀਅਰ ਤੇ ਹੋਰ ਸੰਗਤਾਂ ਹਾਜ਼ਰ ਸਨ |