ਬੇਗੋਵਾਲ, 9 ਜੂਨ (ਸੁਖਜਿੰਦਰ ਸਿੰਘ)-ਅੱਜ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਟਾਂਡਾ ਨਗਰ ਪੰਚਾਇਤ ਚੋਣਾਂ ਤੋਂ ਬਾਅਦ ਇਕ ਵਾਇਰਲ ਹੋਈ ਵੀਡੀਓ ਤਹਿਤ ਇਕ ਨੌਜਵਾਨ 'ਤੇ ਝਾੜੂ ਦੀ ਬੇਅਦਬੀ ਕਰਨ ਤੇ ਬੇਗੋਵਾਲ ਨਗਰ ਪੰਚਾਇਤ ਦੀ 10 ਏਕੜ ਜ਼ਮੀਨ ਬਿਨਾਂ ਠੇਕੇ ਤੋਂ ਫ਼ਸਲ ਬੀਜ ਕੇ ਜਬਰੀ ਵੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਨਗਰ ਪੰਚਾਇਤ ਬੇਗੋਵਾਲ ਦੇ ਸਾਹਮਣੇ ਭਾਰੀ ਰੋਹ ਵਿਚ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਹੀ ਬਦਲੇ ਦੀ ਭਾਵਨਾ ਨਾਲ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਿਆਂ ਆਪਣੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੇ ਵਰਕਰਾਂ ਖ਼ਿਲਾਫ਼ ਪਰਚੇ ਦਰਜ ਕਰਕੇ ਡਰਾਉਣ ਧਮਕਾਉਣ ਦੀ ਰਾਜਨੀਤੀ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਜਮਾਤ ਆਮ ਆਦਮੀ ਪਾਰਟੀ ਦੀਆਂ ਇਨ੍ਹਾਂ ਭਬਕੀਆਂ ਤੋਂ ਡਰਨ ਵਾਲੀ ਨਹੀਂ ਹੈ ਤੇ ਇਨ੍ਹਾਂ ਦੀ ਹਰ ਗੱਲ ਦਾ ਜਵਾਬ ਦੇਣ ਲਈ ਡਟ ਕੇ ਖੜੀ ਹੈ | ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਜੋ ਟਾਂਡਾ ਵਿਖੇ ਝਾੜੂ ਦੀ ਬੇਅਦਬੀ ਦਾ ਮਾਮਲਾ ਇਕ 21 ਸਾਲ ਨੌਜਵਾਨ ਅਰਸ਼ਦੀਪ ਸਿੰਘ 'ਤੇ ਕੀਤਾ ਗਿਆ ਹੈ, ਉਸ ਨਾਲ ਪੂਰੇ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਹੈ, ਜਿਸ ਦਾ ਖ਼ਮਿਆਜ਼ਾ ਇਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਨਗਰ ਪੰਚਾਇਤ ਬੇਗੋਵਾਲ ਦੀ ਤਕਰੀਬਨ 10-11 ਏਕੜ ਜ਼ਮੀਨ ਪਿਛਲੇ ਇੱਕ ਡੇਢ ਸਾਲ ਤੋਂ ਬਿਨਾਂ ਕਿਸੇ ਬੋਲੀ ਦੀ ਪ੍ਰਕਿਰਿਆ ਤੋਂ ਫ਼ਸਲ ਬੀਜੀ ਗਈ ਤੇ ਉਸ ਤੋਂ ਉਪਰੰਤ ਵੱਡੀ ਗਈ ਹੈ, ਜਿਸ ਸਬੰਧੀ ਭਾਵੇਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਜ਼ਿਲ੍ਹਾ ਮੁਖੀ ਨੂੰ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਹਨ, ਪਰ ਸਿਆਸੀ ਦਖ਼ਲ-ਅੰਦਾਜ਼ੀ ਹੋਣ ਕਰਕੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਨਗਰ ਪੰਚਾਇਤ ਦੀ ਇਸ ਜ਼ਮੀਨ 'ਤੇ ਫ਼ਸਲ ਬੀਜਣ ਤੇ ਵੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਬੇਗੋਵਾਲ ਵਾਸੀਆਂ ਤੇ ਕੌਂਸਲਰਾਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਅੰਤ ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਸਾਥੀਆਂ ਵੱਲੋਂ ਨਗਰ ਪੰਚਾਇਤ ਬੇਗੋਵਾਲ ਦਫ਼ਤਰ ਦੇ ਸਾਹਮਣੇ ਝਾੜੂ ਨੂੰ ਖਿਲਾਰ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਵਿਰੋਧੀਆਂ 'ਤੇ ਤੰਜ ਕਸਦਿਆਂ ਕਿਹਾ ਕਿ ਉਹ ਝਾੜੂ ਦੀ ਬੇਅਦਬੀ ਦਾ ਮੇਰੇ 'ਤੇ ਪਰਚਾ ਦਰਜ ਕਰਵਾ ਕੇ ਦੱਸਣ | ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ, ਸ੍ਰੀ ਨਿਵਾਸ ਕੁੱਕੂ, ਜਾਰਜ ਸ਼ੁੱਭ ਕਮਲ, ਗੁਰਚਰਨ ਸਿੰਘ ਭੁੱਟੋ ਭੁੱਲਰ, ਕਰਨੈਲ ਸਿੰਘ ਬੱਗਾ, ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ, ਸੁਖਦੇਵ ਰਾਜ ਜੰਗੀ, ਕੌਂਸਲਰ ਰਜਿੰਦਰ ਸਿੰਘ ਲਾਡੀ, ਪ੍ਰੋਫੈਸਰ ਜਸਵੰਤ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਸਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਹੋਰ ਕਸਬਾ ਵਾਸੀ ਹਾਜ਼ਰ ਸਨ |