ਖਲਵਾੜਾ, 9 ਜੂਨ (ਮਨਦੀਪ ਸਿੰਘ ਸੰਧੂ)-ਬਹੁਜਨ ਸਮਾਜ ਪਾਰਟੀ ਵੱਲੋਂ ਪਟਿਆਲਾ ਵਿਖੇ ਬੇਰੁਜ਼ਗਾਰ ਸਹਾਇਕ ਲਾਈਨਮੈਨ ਜੋ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਰਹੇ ਸਨ, ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਰਹਿਮੀ ਨਾਲ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ਮੌਕੇ ਮਾਸਟਰ ਹਰਭਜਨ ਸਿੰਘ ਬਲਾਲੋ ਸਕੱਤਰ ਬਸਪਾ, ਲੇਖ ਰਾਜ ਜਮਾਲਪੁਰੀ ਇੰਚਾਰਜ ਬਸਪਾ, ਪਰਮਜੀਤ ਖਲਵਾੜਾ ਸੀਨੀਅਰ ਆਗੂ ਬਸਪਾ ਤੇ ਚਰਨਜੀਤ ਚੱਕ ਹਕੀਮ ਨੇ ਕਿਹਾ ਕਿ ਧਰਨਿਆਂ ਵਿਚੋਂ ਨਿਕਲੀ ਹੋਈ ਪਾਰਟੀ ਆਪ ਸਰਕਾਰ ਬਣਨ ਤੋਂ ਬਾਅਦ ਕਾਰਪੋਰੇਟਾਂ ਦੀ ਨੰਗੇ ਚਿੱਟੇ ਰੂਪ ਵਿਚ ਦਲਾਲੀ ਕਰ ਰਹੀ ਹੈ | ਪੰਜਾਬ ਸਰਕਾਰ ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੇ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੁਲਿਸ ਜਬਰ ਨਾਲ ਦਬਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ | ਉਨ੍ਹਾਂ ਕਿਹਾ ਬੀਤੇ ਦਿਨੀਂ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਨੂੰ ਜੋ ਪਟਿਆਲਾ ਵਿਖੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉੱਪਰ ਪੁਲਿਸ ਵੱਲੋਂ ਬੇਰਹਿਮੀ ਨਾਲ ਪਸ਼ੂਆਂ ਵਾਂਗ ਕੁੱਟਿਆ ਗਿਆ ਹੈ | ਇਹ ਪੰਜਾਬ ਸਰਕਾਰ ਦੇ ਨੰਗਪੁਣੇ ਤੇ ਕਸਾਈਪੁਣੇ ਦੀ ਜਿਉਂਦੀ ਜਾਗਦੀ ਤਸਵੀਰ ਹੈ | ਆਗੂਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਬੇਰੁਜ਼ਗਾਰਾਂ ਉੱਪਰ ਤਸ਼ੱਦਦ ਢਾਹ ਰਹੇ ਪੁਲਿਸ ਮੁਲਾਜ਼ਮਾਂ ਉੱਪਰ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |