01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਡਾਲਾ ਮੁਹੱਲਾ ਕਲੀਨਿਕ ਵਿਚੋਂ ਏ.ਸੀ. ਕੰਪਰੈਸ਼ਰ ਚੋਰੀ ਹੋਣ ਨਾਲ ਸਟਾਫ਼ ਤੇ ਮਰੀਜ਼ ਪ੍ਰੇਸ਼ਾਨ

ਅਜੀਤ ਡੈਸਕ 10-06-2026
ਨਡਾਲਾ, 9 ਜੂਨ (ਰਘਬਿੰਦਰ ਸਿੰਘ)-ਨਡਾਲਾ ਵਿਖੇ ਸਥਿਤ ਮੁਹੱਲਾ ਕਲੀਨਿਕ ਵਿਚੋਂ ਕਰੀਬ 4 ਮਹੀਨੇ ਪਹਿਲਾਂ ਏ.ਸੀ. ਦੇ ਕੰਪਰੈਸ਼ਰ ਚੋਰੀ ਹੋ ਗਏ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਸਬੰਧਿਤ ਵਿਭਾਗ ਵੱਲੋਂ ਨਵੇਂ ਕੰਪਰੈਸ਼ਰ ਨਹੀਂ ਲਗਾਏ ਗਏ | ਇਸ ਕਾਰਨ ਕਲੀਨਿਕ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਸਟਾਫ਼ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਉੱਥੇ ਨਡਾਲਾ ਦਾ ਮੁਹੱਲਾ ਕਲੀਨਿਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਨਜ਼ਰ ਆ ਰਿਹਾ ਹੈ | ਗਰਮੀ ਦੇ ਮੌਸਮ ਵਿਚ ਕਲੀਨਿਕ ਦੇ ਕਮਰਿਆਂ ਦਾ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ, ਜਿਸ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਹੋਰ ਮਰੀਜ਼ਾਂ ਨੂੰ ਖ਼ਾਸ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਕਲੀਨਿਕ ਵਿਚ ਰੱਖੀਆਂ ਕਈ ਕਿਸਮ ਦੀਆਂ ਦਵਾਈਆਂ ਨੂੰ ਨਿਰਧਾਰਿਤ ਤਾਪਮਾਨ 'ਤੇ ਸੰਭਾਲ ਕੇ ਰੱਖਣਾ ਲਾਜ਼ਮੀ ਹੁੰਦਾ ਹੈ | ਬਿਨਾਂ ਏ.ਸੀ. ਦੇ ਲਗਾਤਾਰ ਵੱਧ ਰਹੀ ਗਰਮੀ ਦਵਾਈਆਂ ਦੀ ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਜੋ ਕਿ ਮਰੀਜ਼ਾਂ ਦੀ ਸਿਹਤ ਨਾਲ ਜੁੜਿਆ ਗੰਭੀਰ ਮਾਮਲਾ ਹੈ | ਸਥਾਨਕ ਲੋਕਾਂ ਨੇ ਸਵਾਲ ਉਠਾਇਆ ਹੈ ਕਿ ਜੇਕਰ ਇੱਕ ਸਰਕਾਰੀ ਸਿਹਤ ਕੇਂਦਰ ਵਿਚ ਚੋਰੀ ਹੋਣ ਤੋਂ ਬਾਅਦ 4 ਮਹੀਨੇ ਤੱਕ ਉਪਕਰਨ ਹੀ ਬਦਲੇ ਨਹੀਂ ਜਾ ਸਕੇ ਤਾਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਦਾਅਵਿਆਂ ਦੀ ਹਕੀਕਤ ਕੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਤੁਰੰਤ ਨਵੇਂ ਕੰਪਰੈਸ਼ਰ ਲਗਾ ਕੇ ਏ.ਸੀ. ਚਾਲੂ ਕਰਵਾਏ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕੀਤੇ ਜਾਣ |ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਢਿਲਵਾਂ ਡਾ. ਪ੍ਰੇਮ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ ਹੈ ਜਦੋਂ ਵੀ ਮਨਜ਼ੂਰ ਹੋ ਗਿਆ ਤਾਂ ਕੰਪਰੈਸ਼ਰ ਲਗਵਾ ਦਿੱਤੇ ਜਾਣਗੇ |

ਪਿਛਲੀ ਖ਼ਬਰ ਬਰਸਾਤੀ ਡਰੇਨ ਦੀ ਸਫ਼ਾਈ ਨਾ ਹੋਈ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ-ਕਿਸਾਨਾਂ ਵਲੋਂ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ <... ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਫਗਵਾੜਾ ਨੇ ਮਜੀਠਾ ਦੇ ਕਿਸਾਨਾਂ ਨੂੰ 100 ਕੁਇੰਟਲ ਦੇ ਕਰੀਬ ਕਣਕ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।