ਡਡਵਿੰਡੀ, 9 ਜੂਨ (ਦਿਲਬਾਗ ਸਿੰਘ ਝੰਡ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਪਿੰਡ ਅਮਰਜੀਤਪੁਰ (ਪੱਕਾ ਕੋਠਾ) ਵਿਖੇ ਪਿੰਡ ਵਾਸੀਆਂ ਅਤੇ ਵੱਡੀ ਗਿਣਤੀ ਕਿਸਾਨਾਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿਚ ਇਲਾਕੇ ਦੇ ਕਿਸਾਨਾਂ ਨੇ ਬਰਸਾਤੀ ਡਰੇਨ ਦੀ ਸਫ਼ਾਈ ਦੇ ਮੁੱਦੇ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ | ਇਸ ਮੌਕੇ ਪਰਮਜੀਤ ਸਿੰਘ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬੰਬ ਸਾਬਕਾ ਸਰਪੰਚ ਅਤੇ ਸਕੱਤਰ ਸਿੰਘ ਨੇ ਕਿਹਾ ਕਿ ਸਾਲਾਂ ਤੋਂ ਬਰਸਾਤੀ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਉਨ੍ਹਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਪਾਣੀ ਵਿਚ ਡੁੱਬ ਜਾਂਦੀਆਂ ਹਨ, ਜਿਸ ਨਾਲ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸਾਲ 2023-25 ਵਿਚ ਵੀ ਪਹਿਲਾਂ ਉਨ੍ਹਾਂ ਨੇ ਸਰਕਾਰੀ ਅਣਗਹਿਲੀ ਤੋਂ ਤੰਗ ਆ ਕੇ ਆਪਣੀਆਂ ਜੇਬਾਂ ਵਿਚੋਂ ਲੱਖਾਂ ਰੁਪਏ ਖ਼ਰਚ ਕਰਕੇ ਡਰੇਨ ਦੀ ਸਫ਼ਾਈ ਕਰਵਾਈ ਸੀ ਤਾਂ ਜੋ ਖੇਤਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਪਰ ਇਸ ਦੇ ਬਾਵਜੂਦ ਨਾ ਤਾਂ ਸਰਕਾਰ ਨੇ ਕੋਈ ਸਬਕ ਲਿਆ ਅਤੇ ਨਾ ਹੀ ਸਬੰਧਿਤ ਵਿਭਾਗ ਨੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੋਈ ਕਦਮ ਚੁੱਕਿਆ | ਕਿਸਾਨਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਮੰਗ ਪੱਤਰ ਵੀ ਦੇ ਚੁੱਕੇ ਹਨ | ਇਸ ਤੋਂ ਇਲਾਵਾ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕਰਕੇ ਆਪਣਾ ਮਸਲਾ ਉਠਾ ਚੁੱਕੇ ਹਨ | ਇਸ ਦੇ ਬਾਵਜੂਦ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਕਿਸਾਨਾਂ ਦਾ ਕਹਿਣਾ ਹੈ ਕਿ ਸਬੰਧਿਤ ਵਿਭਾਗ ਦੇ ਅਧਿਕਾਰੀ ਤੇ ਜੇ.ਈ. ਮੌਕੇ ਦਾ ਦੌਰਾ ਕਰਕੇ ਵਾਪਸ ਚਲੇ ਜਾਂਦੇ ਹਨ, ਪਰ ਧਰਾਤਲ 'ਤੇ ਕੰਮ ਸ਼ੁਰੂ ਕਰਨ ਲਈ ਕੋਈ ਯੋਜਨਾ ਨਜ਼ਰ ਨਹੀਂ ਆ ਰਹੀ | ਸਰਪੰਚ ਜਰਨੈਲ ਸਿੰਘ, ਇਕਾਈ ਪ੍ਰਧਾਨ ਤਰਸੇਮ ਸਿੰਘ ਨੇ ਕਿਹਾ ਕਿ ਹਰ ਸਾਲ ਪਹਿਲਾਂ ਉਨ੍ਹਾਂ ਦੀਆਂ ਫ਼ਸਲਾਂ ਪਾਣੀ ਵਿਚ ਬਰਬਾਦ ਹੁੰਦੀਆਂ ਹਨ ਅਤੇ ਬਾਅਦ ਵਿਚ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ ਪਰ ਹਕੀਕਤ ਇਹ ਹੈ ਕਿ ਕਿਸਾਨਾਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਕੁੱਝ ਨਹੀਂ ਲੱਗਦਾ | ਸਰਕਾਰ ਵੱਲੋਂ ਵਾਰ-ਵਾਰ ਕੀਤੇ ਜਾਂਦੇ ਵਾਅਦੇ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ | ਕਿਸਾਨਾਂ ਨੇ ਇੱਕ ਸੁਰ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਡਰੇਨ ਦੀ ਤੁਰੰਤ ਸਫ਼ਾਈ ਨਹੀਂ ਕੀਤੀ ਗਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਕਿਸਾਨਾਂ ਨੇ ਕਿਹਾ ਕਿ ਉਹ ਸੜਕਾਂ ਜਾਮ ਕਰਨ ਅਤੇ ਤਿੱਖੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਸੁਣਿਆ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ 'ਤੇ ਉੱਤਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ | ਇਸ ਮੌਕੇ ਪਰਮਜੀਤ ਸਿੰਘ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਸਰਪੰਚ, ਬਲਵਿੰਦਰ ਸਿੰਘ ਬੰਬ ਸਾਬਕਾ ਸਰਪੰਚ, ਸਕੱਤਰ ਸਿੰਘ, ਗੁਰਮੀਤ ਸਿੰਘ ਜੰਮੂ, ਗੁਰਦੀਪ ਸਿੰਘ ਮੈਂਬਰ, ਰਣਜੀਤ ਸਿੰਘ ਖ਼ਜ਼ਾਨਚੀ , ਸੁਖਦੇਵ ਸਿੰਘ, ਤਰਸੇਮ ਸਿੰਘ ਇਕਾਈ ਪ੍ਰਧਾਨ, ਹਰਦੇਵ ਸਿੰਘ, ਵੈਦ ਸੁਖਦੇਵ ਸਿੰਘ, ਸੁਰਜੀਤ ਸਿੰਘ ਢਾਡੀ, ਸੁਰੇਸ਼ ਕੁਮਾਰ ਮੈਂਬਰ, ਬਲਦੇਵ ਸਿੰਘ ਫ਼ੌਜੀ, ਪ੍ਰੇਮ ਸਿੰਘ, ਜਸਪਾਲ ਸਿੰਘ , ਮਲਕੀਤ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ ਮੰਗਾ, ਸੌਰਵ ਕੁਮਾਰ, ਬਾਬਾ ਕਰਨੈਲ ਸਿੰਘ ਗ੍ਰੰਥੀ ਅਤੇ ਕਰਮ ਸਿੰਘ ਆਦਿ ਹਾਜ਼ਰ ਸਨ |