ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ)-ਬੀਤੇ ਦਿਨੀਂ ਪਟਿਆਲਾ ਵਿਚ ਲੋਕਤੰਤਰ ਦਾ ਜੋ ਘਾਣ ਹੋਇਆ ਹੈ, ਉਸ ਦੀ ਜਿੰਨੀ ਵੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾਵੇ, ਉਹ ਵੀ ਥੋੜ੍ਹੀ ਹੈ | ਇਹ ਵਿਚਾਰ ਦੋਆਬਾ ਕਿਸਾਨ ਕਮੇਟੀ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਬਲਦੇਵ ਸਿੰਘ ਚੰਨਣਵਿੰਡੀ, ਬਲਾਕ ਪ੍ਰਧਾਨ ਚਰਨਜੀਤ ਸਿੰਘ ਵਾਟਾਂਵਾਲੀ, ਸਰਪੰਚ ਗੁਰਮੀਤ ਸਿੰਘ ਵਾਟਾਂਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ | ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਆਪਣੇ ਹੱਕਾਂ ਪ੍ਰਤੀ ਸ਼ਾਂਤਮਈ ਧਰਨਾ ਲਗਾਈ ਬੈਠੇ ਨੌਜਵਾਨਾਂ ਉੱਪਰ ਪੁਲਿਸ ਵੱਲੋਂ ਜਿਸ ਤਰ੍ਹਾਂ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਹੈ, ਅਸੀਂ ਉਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ | ਆਗੂਆਂ ਨੇ ਕਿਹਾ ਕਿ ਇਸ ਲਾਠੀਚਾਰਜ ਦੌਰਾਨ ਪੁਲਿਸ ਅਫ਼ਸਰਾਂ ਨੇ ਖ਼ੁਦ ਹੱਥਾਂ ਵਿਚ ਲਾਠੀਆਂ ਫੜ੍ਹ ਕੇ ਸ਼ਾਂਤਮਈ ਧਰਨੇ ਤੇ ਬੈਠੇ ਨੌਜਵਾਨਾਂ 'ਤੇ ਇਸ ਤਰ੍ਹਾਂ ਵਹਿਸ਼ੀਆਨਾ ਢੰਗ ਨਾਲ ਵਰ੍ਹਾਈਆਂ, ਜੋ ਕਿ ਅਤਿ ਨਿੰਦਣਯੋਗ ਹੈ | ਇਹ ਪਟਿਆਲੇ ਵਿਚ ਹੋਇਆ ਲਾਠੀਚਾਰਜ ਭਗਵੰਤ ਮਾਨ ਸਰਕਾਰ 'ਤੇ ਸਭ ਤੋਂ ਵੱਡਾ ਕਲੰਕ ਹੈ, ਜਿਸ ਨੰੂ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ | ਅੱਜ ਪੰਜਾਬ ਦਾ ਬੱਚਾ ਬੱਚਾ ਭਗਵੰਤ ਮਾਨ ਦੇ ਇਕੱਲੇ ਇਕੱਲੇ ਵਿਧਾਇਕ ਨੂੰ ਸਵਾਲ ਕਰ ਰਿਹਾ ਹੈ ਕਿ ਇਹੀ ਬਦਲਾਅ ਲਈ ਤੁਹਾਨੂੰ ਅੰਨ੍ਹੇਵਾਹ ਵੋਟਾਂ ਪਾ ਕੇ ਚੁਣਿਆ ਸੀ, ਆਗੂਆਂ ਨੇ ਮੌਜੂਦਾ ਸਰਕਾਰ ਪ੍ਰਤੀ ਰੋਹ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਜੋ ਬਹੁਤ ਭੋਲੇ ਭਾਲੇ ਹਨ, ਜੇਕਰ ਉਹ ਕਿਸੇ ਨੂੰ ਸਿਰ ਤੇ ਬਿਠਾਉਣਾ ਜਾਣਦੇ ਹਨ ਤਾਂ ਲਾਹੁਣਾ ਵੀ ਜਾਣਦੇ ਹਨ | ਉਨ੍ਹਾਂ ਕਿਹਾ ਕਿ ਕੀ ਨੌਜਵਾਨਾਂ ਵਲੋਂ ਆਪਣੇ ਹੱਕ ਮੰਗਣਾ ਕੋਈ ਨਜਾਇਜ਼ ਕੰਮ ਹੈ | ਜੇਕਰ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਹੀ ਨਹੀਂ ਦੇਣਾ ਤਾਂ ਪੰਜਾਬ ਦੀਆਂ ਸੜਕਾਂ ਦੇ ਆਲੇ ਦੁਆਲੇ ਚੱਪੇ ਚੱਪੇ 'ਤੇ ਫਲੈਕਸ ਬੋਰਡ ਲਗਾ ਕੇ ਆਪਣੀ ਸਰਕਾਰ ਦੇ ਝੂਠੇ ਗੁਣਗਾਨ ਕਿਉਂ ਕੀਤੇ ਜਾ ਰਹੇ ਹਨ | ਮੁੱਖ ਮੰਤਰੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਡਾਂਗਾਂ ਨਾਲ ਅੰਦੋਲਨ ਦੱਬਦੇ ਨਹੀਂ, ਸਗੋਂ ਹੋਰ ਭੜਕਦੇ ਹਨ, ਪੰਜਾਬ ਦੀ ਜਵਾਨੀ ਨਾ ਜ਼ੁਲਮ ਤੋਂ ਡਰਨ ਵਾਲੀ ਹੈ ਅਤੇ ਨਾ ਹੀ ਝੁਕਣ ਵਾਲੀ ਹੈ | ਇਸ ਲਈ ਸਾਡੀ ਕਮੇਟੀ ਮੰਗ ਕਰਦੀ ਹੈ ਕਿ ਬੀਤੇ ਦਿਨ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੀ ਮੁੱਖ ਮੰਤਰੀ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਜ਼ੋਰ ਜ਼ੁਲਮ ਕੀਤਾ ਹੈ, ਉਨ੍ਹਾਂ ਵਿਰੁੱਧ 307 ਦਾ ਪਰਚਾ ਦਰਜ ਕੀਤਾ ਜਾਵੇ | ਪੰਜਾਬ ਸਰਕਾਰ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਇਨ੍ਹਾਂ ਬੇਰੁਜ਼ਗਾਰ ਲਾਈਨਮੈਨਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ |