ਕਪੂਰਥਲਾ, 10 ਜੂਨ (ਅਮਰਜੀਤ ਕੋਮਲ)-ਮੱਕੀ ਦੀ ਆਮਦ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਦੀ ਦਾਣਾ ਮੰਡੀ ਕਪੂਰਥਲਾ ਵਿਚ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆ ਜਿਵੇਂ ਕਿ ਅਤਿ ਦੀ ਗਰਮੀ ਵਿਚ ਪਾਣੀ ਦੀ ਕਿੱਲਤ, ਮਜ਼ਦੂਰਾਂ ਦੀ ਘਾਟ, ਮੰਡੀ ਵਿਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਵਾਰ-ਵਾਰ ਲਾਏ ਜਾ ਰਹੇ ਬਿਜਲੀ ਕੱਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਤਿ ਦੀ ਗਰਮੀ ਨੂੰ ਮੁੱਖ ਰੱਖਦਿਆਂ ਮੰਡੀ ਵਿਚ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਤੇ ਮੰਡੀ ਵਿਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਮੰਡੀ ਵਿਚ ਪੁਲਿਸ ਗਸ਼ਤ ਵਧਾਈ ਜਾਵੇ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਮੰਡੀ ਵਿਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਸਬੰਧੀ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੀ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਸ ਮੰਗ ਨੂੰ ਅਣਗੌਲਿਆ ਕੀਤਾ ਹੈ | ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਮੀਟਿੰਗ ਵਿਚ ਖ਼ਰੀਦਦਾਰਾਂ ਤੇ ਆੜ੍ਹਤੀਆਂ ਨੇ ਮੱਕੀ ਦੀ ਅਦਾਇਗੀ ਦੇ ਮੁੱਦੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਵਿਚ ਰਣਜੀਤ ਸਿੰਘ, ਪਵਨ ਕੌੜਾ, ਤਿਲਕਰਾਜ ਅਗਰਵਾਲ, ਵਿੱਕੀ ਬਹਿਲ, ਬਲਰਾਮ ਕਾਲੀਆ, ਪੇ੍ਰਮ ਕਾਲੀਆ, ਸੰਜੂ ਗੁਪਤਾ, ਸੁਰਿੰਦਰ ਸਿੰਘ, ਰਾਮੇਸ਼ਵਰ ਸੂਦ, ਰਮੇਸ਼ ਕੁਮਾਰ, ਸੁਰਿੰਦਰ ਖੁਰਾਨਾ, ਅਜੈ ਗੁਪਤਾ, ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ, ਮੁਨੀਮ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ, ਆਸ਼ੂ ਗੁਪਤਾ, ਨਰੇਸ਼ ਗੁਪਤਾ, ਸੁਦੇਸ਼ ਸ਼ਰਮਾ, ਗੁਰਮੀਤ ਸਿੰਘ, ਵਿਜੇ ਗੁਪਤਾ, ਵਿਜੇ ਸ਼ਰਮਾ, ਸ਼ਿਵ ਸ਼ਰਮਾ, ਮੋਹਿਤ ਸ਼ਰਮਾ, ਜਸਵਿੰਦਰ ਸਿੰਘ, ਹਰੀਸ਼ ਵਧਵਾ ਆਦਿ ਮੌਜੂਦ ਸਨ |