25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਮੂਹਰੇ ਧਰਨਾ

ਅਜੀਤ ਡੈਸਕ 01-07-2026

ਕਪੂਰਥਲਾ, 30 ਜੂਨ (ਅਮਰਜੀਤ ਕੋਮਲ)-ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ‘ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਵਿਚ ਪਾਵਰਕਾਮ ਇੰਜੀਨੀਅਰ ਰੁਪਿੰਦਰ ਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ (ਟੈੱਕ) ਦੇ ਦਫ਼ਤਰ ਮੂਹਰੇ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਧਰਨਾ ਦਿੱਤਾ ਰੋਹ ਵਿਚ ਆਏ ਕਿਸਾਨਾਂ ਤੇ ਬੀਬੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਕਿਸਾਨ ਆਗੂ ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਂਵਾਲ, ਜੋਗਾ ਸਿੰਘ ਭਾਣੋਲੰਗਾ, ਗੁਰਵਿੰਦਰ ਸਿੰਘ ਨਡਾਲਾ, ਹਰਿੰਦਰ ਸਿੰਘ ਉੱਚਾ, ਬਲਬੀਰ ਸਿੰਘ ਬੁੱਟਰ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਵਲੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਝੋਨੇ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ 8 ਘੰਟੇ ਬਿਜਲੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ | ਹੁਣ ਜਦੋਂ ਝੋਨੇ ਦੀ ਲਵਾਈ ਤੇਜੀ ਨਾਲ ਚੱਲ ਰਹੀ ਹੈ ਤਾਂ ਪਾਵਰਕਾਮ ਵਲੋਂ ਲਗਾਏ ਜਾ ਰਹੇ ਪਾਵਰ ਕੱਟ ਕਾਰਨ ਕਿਸਾਨਾਂ ਨੂੰ 3-4 ਘੰਟੇ ਹੀ ਬਿਜਲੀ ਮਿਲਦੀ ਹੈ, ਜਿਸ ਕਾਰਨ ਜਿੱਥੇ ਝੋਨੇ ਦੀ ਲਵਾਈ ਪ੍ਰਭਾਵਿਤ ਹੋਈ ਹੈ, ਉੱਥੇ ਅਗੇਤਾ ਲਗਾਇਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ | ਬੁਲਾਰਿਆਂ ਨੇ ਕਿਹਾ ਕਿ ਜਿਹੜੇ ਕਿਸਾਨ ਸਮਰੱਥ ਹਨ, ਉਹ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਝੋਨਾ ਪਾਲ ਰਹੇ ਹਨ, ਜਦਕਿ ਛੋਟੇ ਕਿਸਾਨ ਬਿਜਲੀ ਸਪਲਾਈ ‘ਤੇ ਹੀ ਨਿਰਭਰ ਹਨ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਰੋਜ਼ਾਨਾ ਮੋਟਰਾਂ ਲਈ 16 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ | ਇਸੇ ਦੌਰਾਨ ਹੀ ਇੰਜ. ਰੁਪਿੰਦਰਪਾਲ ਸਿੰਘ ਨੇ ਧਰਨੇ ਵਿਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਖ਼ਰਾਬ ਹੋਏ ਟਰਾਂਸਫ਼ਾਰਮਰ ਤੁਰੰਤ ਬਦਲੇ ਜਾਣਗੇ ਤੇ ਟਰਾਂਸਫ਼ਾਰਮਰ ਵਿਚੋਂ ਤੇਲ ਚੋਰੀ ਹੋਣ ਜਾਂ ਟਰਾਂਸਫ਼ਾਰਮਰ ਚੋਰੀ ਹੋਣ ਦੀ ਸੂਰਤ ਵਿਚ ਜੇ.ਈ. ਵਲੋਂ ਸ਼ਿਕਾਇਤ ਦਰਜ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਬਿਜਲੀ ਸਟੋਰਾਂ ਵਿਚ ਖੰਭੇ ਤੇ ਹੋਰ ਸਮਾਨ ਉਪਲਬਧ ਹੈ ਤੇ ਜਿੱਥੇ ਵੀ ਕਿਤੇ ਲੋੜ ਹੋਈ, ਉਹ ਸਮਾਨ ਪਹੁੰਚਾ ਕੇ ਬਿਜਲੀ ਸਪਲਾਈ ਨੂੰ ਨਿਰਵਿਘਨ ਚਾਲੂ ਰੱਖਣ ਵਿਚ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਪਾਵਰਕਾਮ ਦੇ ਸੀ.ਐਮ.ਡੀ. ਦੇ ਨਾਂਅ ਇੰਜ. ਰੁਪਿੰਦਰਪਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਸਾਰੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ | ਖਪਤਕਾਰਾਂ ਦੀ ਮਰਜ਼ੀ ਤੋਂ ਬਿਨ੍ਹਾਂ ਉਨ੍ਹਾਂ ਦੇ ਘਰਾਂ ਵਿਚ ਜ਼ਬਰਦਸਤੀ ਸਮਾਰਟ ਮੀਟਰ ਲਗਾਉਣੇ ਬੰਦ ਕੀਤੇ ਜਾਣ, ਬਿਜਲੀ ਬੋਰਡ ਦਾ ਨਿੱਜੀਕਰਨ ਰੱਦ ਕੀਤਾ ਜਾਵੇ ਤੇ ਪਾਵਰਕਾਮ ਦੇ ਨਿੱਜੀਕਰਨ ਤੇ ਨਿਗਮੀਕਰਨ ਦੀ ਨੀਤੀ ਵਾਪਸ ਲੈ ਕੇ ਇਸ ਨੂੰ ਬਿਜਲੀ ਬੋਰਡ ਦੇ ਰੂਪ ਵਿਚ ਬਹਾਲ ਕੀਤਾ ਜਾਵੇ, ਮੁਲਾਜ਼ਮਾਂ ਦੀ ਬਿਨ੍ਹਾਂ ਦੇਰੀ ਭਰਤੀ ਕੀਤੀ ਜਾਵੇ, ਪਾਵਰ ਪ੍ਰਚੇਜ਼ ਐਗਰੀਮੈਂਟ ਰੱਦ ਕੀਤੇ ਜਾਣ, ਪ੍ਰਾਈਵੇਟ ਠੇਕੇਦਾਰਾਂ ਵਲੋਂ ਕੀਤੇ ਗਏ ਕੰਮਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਇਸ ਮੌਕੇ ਪਿਆਰਾ ਸਿੰਘ ਵਾਟਾਂਵਾਲੀ, ਪਰਮਜੀਤ ਸਿੰਘ, ਵੀਰ ਸਿੰਘ ਉੱਚਾ, ਗੁਰਸੇਵਕ ਸਿੰਘ ਸ਼ਿਵਦਿਆਲ, ਮਲਕੀਤ ਸਿੰਘ ਫੱਤੋਵਾਲ, ਬੀਬੀ ਮਨਜੀਤ ਕੌਰ ਸ਼ੇਰਪੁਰ ਸੱਧਾ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਕਿਸਾਨ ਤੇ ਬੀਬੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਰਾਏਪੁਰ ਪੀਰ ਬਖ਼ਸ਼ ਵਾਲਾ ਦੇ ਨਜ਼ਦੀਕ ਕਾਰ ਟਰੈਕਟਰ ਦੀ ਜ਼ੋਰਦਾਰ ਟੱਕਰ ਦੌਰਾਨ ਸਵਿਫ਼ਟ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਅਗਲੀ ਖ਼ਬਰ ਖਮਾਣੋਂ-ਬਿਲਾਸਪੁਰ ਸੜਕ ਦਾ ਕੰਮ ਜਾਰੀ ਲੋਕ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ-ਕਸ਼ਮੀਰਾ ਸਿੰਘ ਬਿਲਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।