ਸੁਲਤਾਨਪੁਰ ਲੋਧੀ, 20 ਜੁਲਾਈ (ਨਰੇਸ਼ ਹੈਪੀ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 22 ਜੁਲਾਈ ਨੂੰ ਦੁਪਹਿਰ 12 -1 ਵਜੇ ਦਰਮਿਆਨ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਦੌਰਾ ਕਰਨਗੇ ਅਤੇ ਪਿਛਲੇ ਸਾਲ ਹੜ੍ਹ ਦੀ ਮਾਰ ਹੇਠਾਂ ਆਏ ਕਿਸਾਨਾਂ ਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ | ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਵੱਲੋਂ ਦਰਿਆ ਬਿਆਸ ਦੇ ਕਿਨਾਰੇ ਬਣੇ ਐਡਵਾਂਸ ਬੰਨ੍ਹਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ ਅਤੇ ਮੰਡ ਖੇਤਰ ਦੇ ਦਰਿਆ ਬਿਆਸ ਦੀ ਭੇਂਟ ਚੜ੍ਹ ਰਹੀ ਜ਼ਮੀਨ ਨੂੰ ਬਚਾਉਣ ਲਈ ਵੀ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਸੁਲਤਾਨਪੁਰ ਲੋਧੀ ਦੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਇੰਜ. ਸਵਰਨ ਸਿੰਘ, ਸਾਬਕਾ ਚੇਅਰਮੈਨ ਜਥੇਦਾਰ ਸੁਰਜੀਤ ਸਿੰਘ ਢਿੱਲੋਂ , ਜਥੇਦਾਰ ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜੋਨ ਐਸ ਸੀ ਵਿੰਗ ਆਦਿ ਨੇ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੰਡ ਖੇਤਰ ਦੇ ਦੌਰੇ ਦੌਰਾਨ ਵੱਡੀ ਗਿਣਤੀ ਇਲਾਕੇ ਦੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਹੈ |