06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬੀਤੇ ਕੁੱਝ ਦਿਨਾਂ ਦੌਰਾਨ ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਦੀਆਂ ਹੋਈਆਂ ਮੌਤਾਂ ਚਰਚਾ ਦਾ ਵਿਸ਼ਾ ਬਣੀਆਂ

ਅਜੀਤ ਡੈਸਕ 21-07-2026
ਕਪੂਰਥਲਾ, 20 ਜੁਲਾਈ (ਅਮਰਜੀਤ ਸਿੰਘ ਸਡਾਨਾ)-ਬੀਤੇ ਕੁੱਝ ਦਿਨਾਂ ਦੌਰਾਨ ਮਾਡਰਨ ਜੇਲ੍ਹ ਵਿਚ ਭੇਦਭਰੀ ਹਾਲਤ ਵਿਚ ਹਵਾਲਾਤੀਆਂ ਦੀਆਂ ਹੋ ਰਹੀਆਂ ਮੌਤਾਂ ਜਿੱਥੇ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਉੱਥੇ ਜੇਲ੍ਹ ਪ੍ਰਸ਼ਾਸਨ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਰਹੇ ਹਨ | ਜੁਰਮ ਕਰਕੇ ਜੇਲ੍ਹਾਂ ਵਿਚ ਜਾਣ ਵਾਲੇ ਲੋਕਾਂ ਲਈ ਬਣਾਏ ਗਏ ਇਹ ਸੁਧਾਰ ਘਰ ਕਿਤੇ ਨਾ ਕਿਤੇ ਅਣਦੇਖੀ ਕਾਰਨ ਹਵਾਲਾਤੀਆਂ ਦੀ ਮੌਤ ਦਾ ਕਾਰਨ ਵੀ ਬਣਦੇ ਨਜ਼ਰ ਆ ਰਹੇ ਹਨ | ਇੱਥੇ ਜ਼ਿਕਰਯੋਗ ਹੈ ਕਿ ਸਥਾਨਕ ਮਾਡਰਨ ਜੇਲ੍ਹ ਵਿਚ 2800 ਦੇ ਕਰੀਬ ਕੈਦੀ ਤੇ ਹਵਾਲਾਤੀ ਰੱਖਣ ਦੀ ਸਮਰੱਥਾ ਹੈ, ਜਦਕਿ ਭਰੋਸੇਯੋਗ ਵਸੀਲਿਆਂ ਅਨੁਸਾਰ ਇਸ ਸਮੇਂ ਜੇਲ੍ਹ ਅੰਦਰ ਕੈਦੀਆਂ ਤੇ ਹਵਾਲਾਤੀਆਂ ਦੀ ਗਿਣਤੀ 4400 ਦੇ ਕਰੀਬ ਪਹੁੰਚ ਚੁੱਕੀ ਹੈ | ਜੇਕਰ ਬੀਤੇ ਦਿਨਾਂ ਦੌਰਾਨ ਮਾਡਰਨ ਜੇਲ੍ਹ ਵਿਚ ਹਵਾਲਾਤੀਆਂ ਦੀਆਂ ਹੋਈਆਂ ਮੌਤਾਂ ਦੀ ਗੱਲ ਕਰੀਏ ਤਾਂ 27 ਜੂਨ ਨੂੰ ਤੜਕਸਾਰ ਹਵਾਲਾਤੀ ਅਮਰੀਕ ਚੰਦ ਵਾਸੀ ਜ਼ਿਲ੍ਹਾ ਜਲੰਧਰ ਨੂੰ ਸਿਹਤ ਖ਼ਰਾਬ ਹੋਣ ਕਾਰਨ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ, ਜਦੋਂ ਡਿਊਟੀ ਡਾਕਟਰ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਇਸੇ ਤਰ੍ਹਾਂ 30 ਜੂਨ ਨੂੰ ਕੇਂਦਰੀ ਜੇਲ੍ਹ ਤੋਂ ਹਵਾਲਾਤੀ ਜਸਵੀਰ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਇਸ ਉਪਰੰਤ 6 ਜੁਲਾਈ ਨੂੰ ਹਵਾਲਾਤੀ ਮੁਕੇਸ਼ ਨੂੰ ਜੇਲ੍ਹ ਪ੍ਰਸ਼ਾਸਨ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਇਆ, ਜਿੱਥੇ ਪਹੁੰਚਣ ‘ਤੇ ਡਾਕਟਰ ਨੇ ਜਾਂਚ ਦੌਰਾਨ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸੇ ਦੌਰਾਨ ਹੀ ਹਾਵਾਲਾਤੀ ਮੋਹਨ ਨੂੰ ਜੇਲ੍ਹ ਤੋਂ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜੋ ਕਿ ਜਾਂਚ ਦੌਰਾਨ ਮਿ੍ਤਕ ਪਾਇਆ ਗਿਆ | ਇਸ ਉਪਰੰਤ ਪਿੰਡ ਤੱਲਣ ਦੇ ਵਸਨੀਕ ਹਰਪ੍ਰੀਤ ਚਾਹਲ, ਜਿਸ ਨੂੰ ਕੁੱਝ ਦਿਨ ਪਹਿਲਾਂ ਹੀ ਮਾਡਰਨ ਜੇਲ੍ਹ ਵਿਖੇ ਭੇਜਿਆ ਗਿਆ ਸੀ, ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਸ ਨੂੰ ਡਾਕਟਰ ਨੇ ਮਿ੍ਤਕ ਐਲਾਨ ਦਿੱਤਾ | ਹਵਾਲਾਤੀ ਹਰਪ੍ਰੀਤ ਚਾਹਲ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਲੜਕੇ ਦਾ ਜੇਲ੍ਹ ਵਿਚ ਇਲਾਜ ਨਹੀਂ ਹੋਇਆ ਤੇ ਇਹ ਹੀ ਉਸ ਦੀ ਮੌਤ ਦਾ ਕਾਰਨ ਬਣਿਆ ਹੈ | ਇਸ ਤੋਂ ਰੋਹ ਵਿਚ ਆਏ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਪਹਿਲਾਂ ਸਿਵਲ ਹਸਪਤਾਲ ਦੇ ਬਾਹਰ ਤੇ ਮੁੜ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧਰਨਾ ਲਗਾਇਆ ਤੇ ਇਨਸਾਫ਼ ਨਾ ਮਿਲਦਾ ਦੇਖ ਦੋ ਦਿਨ ਲਈ ਕਰਤਾਰਪੁਰ ਕਪੂਰਥਲਾ ਸੜਕ ਜਾਮ ਕਰਕੇ ਰੋਸ ਵਿਖਾਵਾ ਕੀਤਾ | ਉਨ੍ਹਾਂ ਹਸਪਤਾਲ ਪ੍ਰਸ਼ਾਸਨ ‘ਤੇ ਵੀ ਲਾਸ਼ ਦੀ ਸਹੀ ਸੰਭਾਲ ਨਾ ਕਰਨ ਦੇ ਦੋਸ਼ ਲਗਾਏ ਸਨ | ਇਸ ਉਪਰੰਤ ਮੌਤਾਂ ਦਾ ਸਿਲਸਿਲਾ ਰੁਕਿਆ ਨਹੀਂ ਤੇ ਬੀਤੀ 17 ਜੁਲਾਈ ਨੂੰ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ, ਜਿੱਥੇ ਹਵਾਲਾਤੀ ਪ੍ਰਗਟ ਸਿੰਘ ਵਾਸੀ ਜ਼ਿਲ੍ਹਾ ਜਲੰਧਰ ਨੂੰ ਜੇਲ੍ਹ ਪ੍ਰਸ਼ਾਸਨ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਇਆ ਤੇ ਡਾਕਟਰ ਵਲੋਂ ਜਾਂਚ ਉਪਰੰਤ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਬੀਤੇ 20 ਦਿਨਾਂ ਦੌਰਾਨ ਮਾਡਰਨ ਜੇਲ੍ਹ ਵਿਚ ਬੰਦ 7 ਹਵਾਲਾਤੀਆਂ ਦੀ ਹੋਈ ਮੌਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ, ਜਦੋਂ ਇਨ੍ਹਾਂ ਮੌਤਾਂ ਸਬੰਧੀ ਮਾਡਰਨ ਜੇਲ੍ਹ ਦੇ ਸੁਪਰਡੈਂਟ ਸ਼ਾਮਿਲ ਜੋਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਹਵਾਲਾਤੀਆਂ ਮੁਰਦਾ ਹਾਲਤ ਵਿਚ ਸਿਵਲ ਹਸਪਤਾਲ ਨਹੀਂ ਗਏ, ਕੁੱਝ ਦੀ ਮੌਤ ਉੱਥੇ ਇਲਾਜ ਦੌਰਾਨ ਹੋਈ ਹੈ, ਪਰ ਜਦੋਂ ਹਸਪਤਾਲ ਦੇ ਡਾਕਟਰਾਂ ਵਲੋਂ ਇਨ੍ਹਾਂ ਮੌਤਾਂ ਸਬੰਧੀ ਜੇਲ੍ਹ ਤੋਂ ਮਿ੍ਤਕ ਹੀ ਹਵਾਲਾਤੀ ਹਸਪਤਾਲ ਪਹੁੰਚਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਲ੍ਹ ਅੰਦਰ ਸਮਰੱਥਾ ਤੋਂ ਵੱਧ ਕੈਦੀ ਅਤੇ ਹਵਾਲਾਤੀ ਵੱਧ ਹਨ ਅਤੇ ਅੱਤ ਦੀ ਗਰਮੀ ਦਾ ਮੌਸਮ ਹੈ ਤੇ ਜੇਲ੍ਹ ਵਿਚ 200 ਤੋਂ ਵੱਧ ਕੈਦੀ ਤੇ ਹਵਾਲਾਤੀ ਅਜਿਹੇ ਹਨ, ਜੋ ਕਿ ਐਚ.ਆਈ.ਵੀ., ਐਚ.ਸੀ.ਵੀ. ਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ ਤੇ ਨਸ਼ਿਆਂ ਦੇ ਆਦੀ ਹਵਾਲਾਤੀ ਵੀ ਜੇਲ੍ਹ ਵਿਚ ਮੌਜੂਦ ਹਨ | ਉਨ੍ਹਾਂ ਕਿਹਾ ਕਿ ਗੰਭੀਰ ਬਿਮਾਰੀਆਂ ਵੀ ਉਨ੍ਹਾਂ ਦੀ ਮੌਤ ਦਾ ਕਾਰਨ ਹੋ ਸਕਦੀਆਂ ਹਨ | ਜੇਲ੍ਹ ਅੰਦਰ ਬਣੇ ਹਸਪਤਾਲ ਵਿਚ ਸਮੇਂ ਸਿਰ ਇਲਾਜ ਨਾ ਕਰਵਾਉਣ ਦੇ ਮਿ੍ਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਏ ਜਾਂਦੇ ਦੋਸ਼ਾਂ ਸਬੰਧੀ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਤੇ ਸਮੇਂ ਸਮੇਂ ‘ਤੇ ਹਵਾਲਾਤੀਆਂ ਤੇ ਕੈਦੀਆਂ ਦਾ ਇਲਾਜ ਡਾਕਟਰ ਦੀ ਸਲਾਹ ਨਾਲ ਕਰਵਾਇਆ ਜਾਂਦਾ ਹੈ |
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਭੁੱਖ ਹੜਤਾਲ ਅਗਲੀ ਖ਼ਬਰ ਸੁਖਬੀਰ ਕੱਲ੍ਹ ਨੂੰ ਮੰਡ ਖੇਤਰ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ- ਜਥੇਦਾਰ ਡੋਗਰਾਂਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।