ਕਪੂਰਥਲਾ, 20 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖੇਤੀਬਾੜੀ ਗਰੇਡ ਯੂਰੀਆ ਦੀ ਗੈਰ ਖੇਤੀਬਾੜੀ ਕੰਮਾਂ ਵਿਚ ਹੋ ਰਹੀ ਵਰਤੋਂ ਅਤੇ ਜਮ੍ਹਾਂ ਖੋਰੀ ਨੂੰ ਠੱਲ੍ਹ ਪਾਉਣ ਦੇ ਮਨੋਰਥ ਨਾਲ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਵਿਸ਼ੇਸ਼ ਟਾਸਕ ਫੋਰਸ ਵਲੋਂ ਖਾਦਾਂ ਤੇ ਖੇਤੀ ਇਨਪੁੱਟ ਡੀਲਰਾਂ ਦੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਜਾਂਚ ਦੌਰਾਨ ਜਿਹੜਾ ਵੀ ਖਾਦ ਡੀਲਰ ਜਾਂ ਕੋਈ ਹੋਰ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਦੱਸਿਆ ਬਹੁਤ ਜਲਦੀ ਜ਼ਿਲ੍ਹਾ ਪੱਧਰ ‘ਤੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ | ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਯੂਰੀਆ ਖਾਦ ਦੀ ਗੇਰ ਖੇਤੀਬਾੜੀ ਕੰਮਾਂ ਲਈ ਹੋ ਰਹੀ ਵਰਤੋਂ ਜਾਂ ਜਮ੍ਹਾ ਖੋਰੀ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ ‘ਤੇ ਸੰਪਰਕ ਕਰਨ | ਇਸੇ ਦੌਰਾਨ ਹੀ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਹੁਣ ਤੱਥ ਜ਼ਿਲ੍ਹੇ ਵਿਚ 8 ਥਾਵਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਤੇ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਾਦ ਡੀਲਰਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ | ਉਨ੍ਹਾਂ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਖੇਤੀਬਾੜੀ ਗਰੇਡ ਯੂਰੀਆ ਦੀ ਵਿੱਕਰੀ ਨਿਯਮਾਂ ਅਨੁਸਾਰ ਹੀ ਕਰਨ | ਉਨ੍ਹਾਂ ਕਿਹਾ ਕਿ ਯੂਰੀਆ ਲਈ ਗੈਰ ਖੇਤੀਬਾੜੀ ਕੰਮਾਂ ਲਈ ਵਰਤੋਂ ਤੇ ਜਮ੍ਹਾ ਖੋਰੀ ਕਰਨ ਵਾਲਿਆਂ ਵਿਰੁੱਧ ਭਵਿੱਖ ਵਿਚ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ |