ਸੁਲਤਾਨਪੁਰ ਲੋਧੀ, 20 ਜੁਲਾਈ (ਪ.ਪ. ਰਾਹੀਂ)-ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਜਾਂਚ ਕਰ ਰਹੀ ਵਿਸ਼ੇਸ਼ ਟੀਮ ਅੱਗੇ ਆਪਣਾ ਪੱਖ ਰੱਖਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਮਾਇਤ ’ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹੁੰਮ ਹੁਮਾ ਕੇ ਚੰਡੀਗੜ੍ਹ ਪਹੁੰਚੇ |ਇਸ ਮੌਕੇ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ਼ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਹਲਕੇ ਦੇ ਸਮੁੱਚੇ ਵਰਕਰ ਉਨ੍ਹਾਂ ਨਾਲ ਚਟਾਨ ਵਾਂਗ ਖ਼ੜੇ ਹਨ ਅਤੇ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਢੁਕਵਾਂ ਜਵਾਬ ਦੇਣਗੇ | ਉਨ੍ਹਾਂ ਨੇ ਕਿਹਾ ਪੰਜਾਬ ਵਿਚ ਜਿੰਨੇ ਵੀ ਵਿਕਾਸ ਕਾਰਜ ਹੋਏ ਹਨ ਉਹ ਸਭ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸ਼ਾਸ਼ਨ ਸਮੇਂ ਹੀ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਕਰਵਾਇਆ ਗਿਆ ਹੈ |ਇਸ ਮੌਕੇ ਸੀਨੀਅਰ ਅਕਾਲੀ ਆਗੂ ਮਲਕੀਤ ਸਿੰਘ ਚੰਦੀ, ਯੂਥ ਅਕਾਲੀ ਦਲ ਦੇ ਪ੍ਰਧਾਨ ਗੋਲਡੀ ਜੋਸ਼ਨ, ਬਿਕਰਮਜੀਤ ਸਿੰਘ ਜੋਸਨ ਆਦਿ ਹਾਜ਼ਰ ਸਨ |