06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਫਗਵਾੜਾ ਸਿਵਲ ਹਸਪਤਾਲ ਦੀ ਮੋਰਚਰੀ ’ਚ ਲਾਸ਼ ਸੜੀ ਹੋਈ ਮਿਲਣ ਦੇ ਦੋਸ਼; ਪਰਿਵਾਰ ਵਲੋਂ ਜਾਂਚ ਦੀ ਮੰਗ

ਅਜੀਤ ਡੈਸਕ 21-07-2026
ਫਗਵਾੜਾ, 20 ਜੁਲਾਈ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖੀ ਇੱਕ ਮਿ੍ਤਕ ਦੀ ਲਾਸ਼ ਦੇ ਕਥਿਤ ਤੌਰ ‘ਤੇ ਬੁਰੀ ਤਰ੍ਹਾਂ ਖ਼ਰਾਬ ਹਾਲਤ ‘ਚ ਮਿਲਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲੱਗੇ ਹਨ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ | ਪਰਿਵਾਰਕ ਮੈਂਬਰਾਂ ਅਨੁਸਾਰ ਮਿ੍ਤਕ ਦੀ ਪਛਾਣ ਉਦੈ ਯਾਦਵ ਵਜੋਂ ਹੋਈ ਹੈ, ਜੋ ਫਗਵਾੜਾ ਸਥਿਤ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਦੇ ਗੋਦਾਮ ‘ਚ ਨੌਕਰੀ ਕਰਦਾ ਸੀ | ਦੱਸਿਆ ਗਿਆ ਕਿ 17 ਜੁਲਾਈ ਨੂੰ ਡਿਊਟੀ ਦੌਰਾਨ ਉਸਦੀ ਤਬੀਅਤ ਵਿਗੜ ਗਈ ਤੇ ਸੰਭਾਵਿਤ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ | ਪਰਿਵਾਰਿਕ ਮੈਂਬਰ ਵਾਰਾਣਸੀ (ਉੱਤਰ ਪ੍ਰਦੇਸ਼) ਤੋਂ ਆ ਰਹੇ ਸਨ, ਇਸ ਲਈ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਸੀ | ਐਤਵਾਰ ਨੂੰ ਜਦੋਂ ਪਰਿਵਾਰਿਕ ਮੈਂਬਰ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦਾ ਦੋਸ਼ ਹੈ ਕਿ ਲਾਸ਼ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ ਤੇ ਉਸਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ | ਪਰਿਵਾਰ ਨੇ ਦੋਸ਼ ਲਗਾਇਆ ਕਿ ਮੋਰਚਰੀ ਦਾ ਫਰੀਜ਼ਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਤੇ ਲਾਸ਼ ਨੂੰ ਉੱਚਿਤ ਤਾਪਮਾਨ ‘ਤੇ ਸੁਰੱਖਿਅਤ ਨਹੀਂ ਰੱਖਿਆ ਗਿਆ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹਸਪਤਾਲ ਸਟਾਫ਼ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ ਗਈ | ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਨਾਲ ਫੋਨ ਤੇ ਵੀਡੀਓ ਕਾਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ | ਉਨ੍ਹਾਂ ਦੇ ਅਨੁਸਾਰ ਡਾਕਟਰਾਂ ਤੇ ਸਟਾਫ਼ ਨੇ ਲਾਸ਼ ਦੀ ਇਸ ਹਾਲਤ ਦਾ ਕਾਰਨ ਗਰਮੀ ਦਾ ਮੌਸਮ ਦੱਸਿਆ | ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਐੱਫਸੀਆਈ ਗੋਦਾਮ ਦੇ ਕਰਮਚਾਰੀਆਂ ‘ਚ ਰੋਸ ਫੈਲ ਗਿਆ | ਉਨ੍ਹਾਂ ਨੇ ਦੋਸ਼ ਲਾਇਆ ਕਿ ਜੇ ਮੋਰਚਰੀ ਦੀ ਰੈਫਿ੍ਜਰੇਸ਼ਨ ਪ੍ਰਣਾਲੀ ਠੀਕ ਢੰਗ ਨਾਲ ਕੰਮ ਕਰ ਰਹੀ ਹੁੰਦੀ ਤਾਂ ਲਾਸ਼ ਦੀ ਇਹ ਹਾਲਤ ਨਾ ਹੁੰਦੀ | ਉੱਧਰ, ਸਿਵਲ ਹਸਪਤਾਲ ਪ੍ਰਸ਼ਾਸਨ ਨੇ ਆਪਣੇ ਉੱਤੇ ਲੱਗੇ ਲਾਪਰਵਾਹੀ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਉਨ੍ਹਾਂ ਤੋਂ ਇਨਕਾਰ ਕੀਤਾ ਹੈ | ਸੰਪਰਕ ਕਰਨ ‘ਤੇ ਫਗਵਾੜਾ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਮਰਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਦੋ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ (ਐੱਸਆਈਟੀ) ਦਾ ਗਠਨ ਕੀਤਾ ਗਿਆ ਹੈ | ਕਮੇਟੀ ‘ਚ ਡਾ. ਨਰੇਸ਼ ਕੁੰਦਰਾ ਤੇ ਡਾ. ਚਮਨਦੀਪ ਨੂੰ ਸ਼ਾਮਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਜੇਲ੍ਹ ਵਿਚ ਬੰਦ ਹਵਾਲਾਤੀ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ
ਕਪੂਰਥਲਾ, 20 ਜੁਲਾਈ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲੀਆਂ ਗੋਲੀਆਂ ਮਿਲਣ ਦੇ ਮਾਮਲੇ ਨੂੰ ਲੈ ਕੇ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਜੇਲ੍ਹ ਪ੍ਰਸ਼ਾਸਨ ਵਲੋਂ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਬੈਰਕਾਂ ਦੀ ਜਾਂਚ ਦੌਰਾਨ ਹਵਾਲਾਤੀ ਮਾਨ ਸਿੰਘ ਵਾਸੀ ਜਲੰਧਰ ਦੀ ਜਦੋਂ ਤਲਾਸ਼ੀ ਕੀਤੀ ਗਈ ਤਾਂ ਉਕਤ ਵਿਅਕਤੀ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਤਹਿਤ ਕੋਤਵਾਲੀ ਪੁਲਿਸ ਨੇ ਉਕਤ ਹਵਾਲਾਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਪਰਮਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸੀ.ਬੀ.ਐਸ.ਈ. ਵਾਲੀਬਾਲ ਕਲੱਸਟਰ ਟੂਰਨਾਮੈਂਟ 23 ਤੋਂ 26 ਜੁਲਾਈ ਤੱਕ-ਇੰਜ. ਹਰਨਿਆਮਤ ਕੌਰ ਅਗਲੀ ਖ਼ਬਰ ਪਿੰਡ ਬਜਾਜ ਅਤੇ ਜੈਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਦਿਖਾਈ ਡਾਕੂਮੈਂਟਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।