ਕਪੂਰਥਲਾ, 28 ਜੁਲਾਈ (ਸਡਾਨਾ)-ਆਬਕਾਰੀ ਵਿਭਾਗ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਦੇ ਸਹਿਯੋਗ ਨਾਲ ਨਵਾਂ ਪਿੰਡ ਭੱਠੇ ਵਿਖੇ ਦੋ ਘਰਾਂ ਤੋਂ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਤੇ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਰੈਕਟੀਫਾਈਡ ਸਪਿਰਿਟ ਬਰਾਮਦ ਕੀਤੀ ਹੈ | ਜਦਕਿ ਵਿਭਾਗ ਦੀ ਮੁਹਿੰਮ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ | ਪ੍ਰਾਪਤ ਵੇਰਵੇ ਅਨੁਸਾਰ ਆਬਕਾਰੀ ਅਫ਼ਸਰ ਸੁਖਜੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਤੇ ਜਤਿੰਦਰਪਾਲ ਸਿੰਘ ਨੇ ਪੁਲਿਸ ਟੀਮਾਂ ਨਾਲ ਨਵਾਂ ਪਿੰਡ ਭੱਠੇ ਵਿਖੇ ਛਾਪਾਮਾਰੀ ਕੀਤੀ ਜਿੱਥੇ ਦੋ ਘਰਾਂ ਵਿਚ ਰਸੋਈ ਦੇ ਹੇਠਾਂ ਤੇ ਗੁਸਲਖਾਨੇ ਦੇ ਵਿਚ ਸ਼ਰਾਬ ਛੁਪਾਕੇ ਰੱਖਣ ਲਈ ਜ਼ਮੀਨਦੋਜ਼ ਟੈਂਕੀਆਂ ਬਣਾਈਆਂ ਹੋਈਆਂ ਸਨ ਤੇ ਮੋਟਰਾਂ ਦੀ ਮਦਦ ਨਾਲ ਸ਼ਰਾਬ ਹੇਠੋਂ ਕੱਢੀ ਜਾਂਦੀ ਸੀ ਤੇ ਇਸ ਟੈਂਕੀਆਂ ਵਿਚ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਸਪਿਰਿਟ ਵੀ ਛੁਪਾਕੇ ਰੱਖੀ ਹੋਈ ਸੀ | ਦੋਵਾਂ ਘਰਾਂ ‘ਤੇ ਛਾਪਾਮਾਰੀ ਕਰਕੇ ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਬਣਾਉਣ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਨਜਾਇਜ਼ ਸ਼ਰਾਬ ਵੇਚਣ ਵਾਲੇ ਲੰਬੇ ਸਮੇਂ ਤੋਂ ਆਬਕਾਰੀ ਵਿਭਾਗ ਤੇ ਸਰਕਾਰ ਨੂੰ ਸ਼ਰਾਬ ਵੇਚ ਕੇ ਚੂਨਾ ਲਗਾ ਰਹੇ ਸਨ | ਆਬਕਾਰੀ ਨਿਰੀਖਕ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਤੇ ਸਪਿਰਿਟ ਬਰਾਮਦ ਕੀਤੀ ਗਈ ਹੈ | ਜਦਕਿ ਇਸ ਜਾਂਚ ਮੁਹਿੰਮ ਤੇ ਬਰਾਮਦਗੀ ਦਾ ਸਿਲਸਿਲਾ ਅਜੇ ਜਾਰੀ ਹੈ |