ਦਾਣਾ ਮੰਡੀ ਢਿਲਵਾਂ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
ਢਿਲਵਾਂ, 2 ਅਕਤੂਬਰ (ਪ੍ਰਵੀਨ ਕੁਮਾਰ)-ਕਿਸਾਨਾਂ ਨੂੰ ਮੰਡੀਆਂ ਅੰਦਰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਦਾਣਾ ਮੰਡੀ ਢਿਲਵਾਂ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਤੇ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਬਿਕਰਮਜੀਤ ਸਿੰਘ ਕੋਹਾੜ ਵਲੋਂ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਝੋਨੇ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਵੀਰ ਕਾਹਲੀ ਨਾ ਕਰਨ ਸਗੋਂ ਆਪਣਾ ਝੋਨਾ ਪੱਕਣ ਤੇ ਹੀ ਕਟਵਾਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਮੁਸ਼ਕਿਲ ਨਾ ਆਵੇ | ਇਸ ਤੋਂ ਪਹਿਲਾ ਸੰਧੂ ਕਮਿਸ਼ਨ ਏਜੰਟ ਦੀ ਦੁਕਾਨ ’ਤੇ ਆਈ ਝੋਨੇ ਦੀ ਫ਼ਸਲ ਨੂੰ ਸਰਕਾਰੀ ਖ਼ਰੀਦ ਏਜੰਸੀ ਪਨਸਪ ਵਲੋਂ ਖ਼ਰੀਦ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਬਿਕਰਮਜੀਤ ਸਿੰਘ ਕੋਹਾੜ, ਆੜ੍ਹਤੀ ਯੂਨੀਅਨ ਦਾਣਾ ਮੰਡੀ ਢਿਲਵਾਂ ਦੇ ਪ੍ਰਧਾਨ ਸੁਖਦੇਵ ਸਿੰਘ, ਮਨਜੀਤ ਸਿੰਘ ਇੰਸਪੈਕਟਰ ਪਨਸਪ, ਵਿੱਕੀ ਭੰਮਰਾ ਹਲਕਾ ਕੋਆਰਡੀਨੇਟਰ, ਸੁਨੀਲ ਆਨੰਦ ਕੌਂਸਲਰ, ਬਲਜੀਤ ਸਿੰਘ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਸੰਧੂ, ਆੜ੍ਹਤੀ ਮੱਖਣ ਸਿੰਘ ਧਾਲੀਵਾਲ, ਅਮਰਜੀਤ ਸਿੰਘ ਤੇ ਜਸਵੰਤ ਸਿੰਘ ਆੜ੍ਹਤੀ, ਸੁਖਜਿੰਦਰ ਸਿੰਘ ਢਿੱਲੋਂ, ਸਰੂਪ ਸਿੰਘ ਪੱਡਾ, ਹਰਜੀਤ ਸਿੰਘ, ਤਰਲੋਚਨ ਸਿੰਘ, ਕੋਮਲਪ੍ਰੀਤ ਸਿੰਘ, ਇਕਬਾਲ ਸਿੰਘ, ਰਾਮ ਲਾਲ, ਮੁਨੀਮ ਪ੍ਰਕਾਸ਼ ਆਦਿ ਸਮੇਤ ਆਪ ਆਗੂ ਤੇ ਵਰਕਰ ਮੌਜੂਦ ਸਨ |