ਖ਼ੇਡ ਮੁਕਾਬਲੇ ’ਚ ਗੁਰਸਿੱਖ ਖ਼ਿਡਾਰੀ ਨੂੰ ਹੈਲਮਟ ਨਾ ਪਾਉਣ ਕਾਰਨ ਮੁਕਾਬਲੇ ਤੋਂ ਬਾਹਰ ਕਰਨ ਦੀ ਐਡਵੋਕੇਟ ਧਾਮੀ ਵਲੋਂ ਨਿੰਦਾ
ਅੰਮ੍ਰਿਤਸਰ, 18 ਸਤੰਬਰ (ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੇਟਿੰਗ ਮੁਕਾਬਲੇ ਦੌਰਾਨ ਇਕ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ’ਤੇ ਮੁਕਾਬਲੇ ’ਚੋਂ ਬਾਹਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਮਰਯਾਦਾ ਵਿਚ ਹੈਲਮਟ ਪਹਿਨਣ ਨੂੰ ਕੋਈ ਥਾਂ ਨਹੀਂ ਹੈ, ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮਟ ਤੋਂ ਖੇਡ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸ ’ਤੇ ਅਜਿਹੀ ਪਾਬੰਦੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਸਿੱਖ ਖਿਡਾਰੀ ਨਾਲ ਅਜਿਹੀ ਹਰਕਤ ਹੋਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਖ਼ੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਇਸ ਲਈ ਤੁਰੰਤ ਮੁਆਫ਼ੀ ਮੰਗਦਿਆਂ ਖ਼ੇਡ ਵਿਭਾਗ ਦੇ ਅਧਿਕਾਰੀ ਅਤੇ ਮੁਕਾਬਲੇ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਸ ਖ਼ੇਡ ਮੁਕਾਬਲੇ ਨੂੰ ਰੱਦ ਕਰਦਿਆਂ ਸੰਬੰਧਿਤ ਖ਼ਿਡਾਰੀ ਨੂੰ ਸ਼ਾਮਿਲ ਕਰਕੇ ਇਹ ਮੁਕਾਬਲਾ ਦੁਬਾਰਾ ਹੋਵੇ, ਤਾਂ ਜੋ ਸਿੱਖ ਖਿਡਾਰੀ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਸੰਬੰਧ ਵਿਚ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਬਣਵਾਲਾ ਗੁਰਸਿੱਖ ਖਿਡਾਰੀ ਕਾਕਾ ਰਿਆਜਪ੍ਰਤਾਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਮੁਕੰਮਲ ਰਿਪੋਰਟ ਕਰਨ ਲਈ ਇਕ ਵਫ਼ਦ ਭੇਜਿਆ ਜਾ ਰਿਹਾ ਹੈ, ਜਿਸ ਵਿਚ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਅਤੇ ਪ੍ਰਚਾਰਕ ਸਿੰਘ ਸ਼ਾਮਿਲ ਹਨ।