ਠਾਕੁਰ ਆਬਾਦੀ ਵਿਚ ਨਸ਼ਾ ਵੇਚਣ ਵਾਲਾ ਮੈਡੀਕਲ ਸਟੋਰ ਸੀਲ
ਅਬੋਹਰ, 18 ਸਤੰਬਰ (ਸੰਦੀਪ ਸੋਖਲ)- ਅੱਜ ਸਥਾਨਕ ਠਾਕੁਰ ਆਬਾਦੀ ਗਲੀ ਨੰਬਰ 12 ਵਿਚ ਡਰੱਗ ਇੰਸਪੈਕਟਰ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੀ ਇਕ ਮੈਡੀਕਲ ਦੁਕਾਨ ’ਤੇ ਛਾਪਾ ਮਾਰ ਕੇ ਉਕਤ ਮੈਡੀਕਲ ਦੁਕਾਨ ਨੂੰ ਸੀਲ ਕਰ ਦਿੱਤਾ। ਜ਼ਿਲ੍ਹਾ ਡਰੱਗ ਇੰਸਪੈਕਟਰ ਦੇ ਆਉਣ ਦੀ ਸੂਚਨਾ ਮਿਲਣ ’ਤੇ ਸ਼ਹਿਰ ਦੀਆਂ ਕਈ ਮੈਡੀਕਲ ਦੁਕਾਨਾਂ ਦੇ ਸੰਚਾਲਕ ਆਪਣੀਆਂ ਦੁਕਾਨਾਂ ਬੰਦ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਭਾਗ ਨੂੰ ਇਸ ਇਲਾਕੇ ’ਚ ਬਣੇ ਐਮ.ਐਸ ਮੈਡੀਕਲ ਹਾਲ ’ਚ ਨਸ਼ੀਲੇ ਪਦਾਰਥਾਂ ਅਤੇ ਵਿਭਾਗ ਵਲੋਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ’ਤੇ ਅੱਜ ਉਨ੍ਹਾਂ ਦੀ ਟੀਮ ਨੇ ਸਿਟੀ ਦੋ ਦਾ ਦੌਰਾ ਕੀਤਾ। ਥਾਣਾ ਇੰਚਾਰਜ ਚੰਦਰ ਸ਼ੇਖਰ ਅਤੇ ਉਨ੍ਹਾਂ ਦੀ ਟੀਮ ਨੇ ਉਕਤ ਦੁਕਾਨ ’ਤੇ ਆ ਕੇ ਜਾਂਚ ਕੀਤੀ। ਇਸ ਦੌਰਾਨ ਦੁਕਾਨ ’ਚੋਂ 8 ਕਿਸਮ ਦੀਆਂ ਦਵਾਈਆਂ ਬਰਾਮਦ ਹੋਈਆਂ, ਜੋ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਦਿੱਤੀਆਂ ਜਾ ਸਕਦੀਆਂ। ਇਸ ਦੇ ਨਾਲ ਹੀ ਇਹ ਮੈਡੀਕਲ ਆਪ੍ਰੇਟਰ ਖਰੀਦ-ਵੇਚ ਦਾ ਕੋਈ ਹਿਸਾਬ-ਕਿਤਾਬ ਨਾ ਰੱਖ ਕੇ ਦਵਾਈਆਂ ਵੇਚ ਕੇ ਵਿਭਾਗ ਨਾਲ ਧੋਖਾ ਕਰ ਰਿਹਾ ਸੀ। ਇਸ ਲਈ ਅੱਜ ਉਕਤ ਮੈਡੀਕਲ ਦੁਕਾਨ ਵਿਚੋਂ ਦਵਾਈਆਂ ਜ਼ਬਤ ਕਰਕੇ ਮੈਡੀਕਲ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ ਇਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਮੌਕੇ ’ਤੇ ਮੌਜੂਦ ਪੁਲਿਸ ਥਾਣਾ ਇੰਚਾਰਜ ਨੇ ਦੱਸਿਆ ਕਿ ਐਸ.ਐਸ.ਪੀ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ।