ਸੀ.ਆਈ.ਏ. ਸਟਾਫ਼ ਵਲੋਂ 6 ਕਿੱਲੋ ਹੈਰੋਇਨ, 7 ਲੱਖ ਰੁਪਏ ਦੀ ਡਰੱਗ ਮਨੀ ਤੇ ਦੋ ਕਾਰਾਂ ਸਮੇਤ 5 ਨਸ਼ਾ ਤਸਕਰ ਗ੍ਰਿਫ਼ਤਾਰ
ਕਪੂਰਥਲਾ/ਸੁਭਾਨਪੁਰ, 18 ਸਤੰਬਰ (ਅਮਰਜੀਤ ਕੋਮਲ, ਸਤਨਾਮ ਸਿੰਘ)- ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਨੇ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਤੇ ਸਬ ਇੰਸਪੈਕਟਰ ਲਾਭ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ 5 ਕਥਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਕਥਿਤ ਤੌਰ ’ਤੇ 6 ਕਿੱਲੋ ਹੈਰੋਇਨ, 7 ਲੱਖ ਰੁਪਏ ਦੀ ਡਰੱਗ ਮਨੀ ਤੇ ਦੋ ਕਾਰਾਂ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਦਕਿ ਇਸ ਖ਼ੇਤਰ ਦੇ ਨਾਮੀ ਸਮਗਲਰ ਵਜੋਂ ਜਾਣੇ ਜਾਂਦੇ ਸੁਖਦੇਵ ਸਿੰਘ ਉਰਫ਼ ਸੇਬੀ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਰਾਜਪਾਲ ਸਿੰਘ ਸੰਧੂ ਐਸ.ਐਸ.ਪੀ. ਕਪੂਰਥਲਾ ਨੇ ਥਾਣਾ ਸੁਭਾਨਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਕ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਸੁਖਦੇਵ ਸਿੰਘ ਉਰਫ਼ ਦੇਬੀ ਵਾਸੀ ਡੋਗਰਾਂਵਾਲ ਜ਼ਿਲ੍ਹਾ ਕਪੂਰਥਲਾ ਜੋ ਨਾਮੀ ਨਸ਼ਾ ਤਸਕਰ ਹੈ ਦਿੱਲੀ ਤੋਂ ਹੈਰੋਇਨ ਦੀ ਸਪਲਾਈ ਮੰਗਵਾਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕਰਦਾ ਹੈ ਤੇ ਉਸਦੇ ਕਹਿਣ ’ਤੇ ਹੀ ਰਾਹੁਲ ਤੇ ਅਤੁੱਲ ਵਾਸੀ ਪਟੇਲ ਗਾਰਡਨ ਦੁਆਰਕਾ ਮੋੜ ਨਵੀਂ ਦਿੱਲੀ ਅੱਜ ਕਾਰ ਨੰਬਰ ਐਚ.ਆਰ. 26 ਡੀ.ਡੀ. 2984 ’ਤੇ ਸੁਭਾਨਪੁਰ ਏਰੀਏ ਵਿਚ ਹੈਰੋਇਨ ਦੇ ਖੇਪ ਲੈ ਕੇ ਆਏ। ਐਸ.ਐਸ.ਪੀ. ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਕਹਿਣ ’ਤੇ ਹੈਰੋਇਨ ਦੀ ਸਪਲਾਈ ਲੈਣ ਲਈ ਕਸ਼ਮੀਰ ਸਿੰਘ ਵਾਸੀ ਡੋਗਰਾਂਵਾਲਾ, ਸਵਰਨ ਸਿੰਘ ਉਰਫ਼ ਚਾਪੜ ਵਾਸੀ ਵਿਲਾ ਕੋਠੀ ਤੇ ਅਮਨਦੀਪ ਸਿੰਘ ਵਾਸੀ ਦਿਆਲਪੁਰ ਨੂੰ ਸਵਿਫ਼ਟ ਕਾਰ ਪੀ.ਬੀ. 09 ਏ.ਕੇ. 1703 ਵਿਚ ਪੈਸਿਆਂ ਦਾ ਲੈਣ ਦੇਣ ਕਰਨ ਲਈ ਭੇਜਿਆ, ਜਦੋਂ ਇਹ ਰਮੀਦੀ ਪੁਲ ਨੇੜੇ ਇਕੱਤਰ ਹੋਏ ਤਾਂ ਏ.ਐਸ.ਆਈ. ਲਾਭ ਸਿੰਘ ਨੇ ਡੀ.ਐਸ.ਪੀ. (ਡੀ.) ਗੁਰਮੀਤ ਸਿੰਘ ਨੂੰ ਇਸ ਸੰਬੰਧੀ ਸੂਚਿਤ ਕਰਕੇ ਛਾਪੇਮਾਰੀ ਕਰ ਰਮੀਦੀ ਪੁਲ ਹੇਠੋਂ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 6 ਕਿੱਲੋ ਹੈਰੋਇਨ, 7 ਲੱਖ ਰੁਪਏ ਦੀ ਡਰੱਗ ਮਨੀ ਤੇ ਦੋ ਕਾਰਾਂ ਕਥਿਤ ਤੌਰ ’ਤੇ ਬਰਾਮਦ ਕੀਤੀਆਂ ਗਈਆਂ। ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ 6 ਕਥਿਤ ਦੋਸ਼ੀਆਂ ਵਿਰੁੱਧ ਥਾਣਾ ਸੁਭਾਨਪੁਰ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਵਿਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਗਰੋਹ ਦੇ ਮੁੱਖ ਸਰਗਨੇ ਸੁਖਦੇਵ ਸਿੰਘ ਉਰਫ਼ ਸੇਬੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਨੂੰ 19 ਸਤੰਬਰ ਨੂੰ ਪੁਲਿਸ ਰਿਮਾਂਡ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।