ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹਜ਼ਾਰਾਂ ਲੀਟਰ ਲਾਹਣ ਸਮੇਤ ਦੋ ਕਾਬੂ
ਚੋਗਾਵਾਂ , 22 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਐੱਸ.ਐੱਸ.ਪੀ ਦਿਹਾਤੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਤਹਿਤ ਡੀ.ਐਸ.ਪੀ ਅਟਾਰੀ ਗੁਰਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਪੁਲਿਸ ਥਾਣਾ ਲੋਪੋਕੇ ਦੇ ਮੁਖੀ ਯਾਦਵਿੰਦਰ ਸਿੰਘ ਤੇ ਐਕਸਾਈਜ਼ ਵਿਭਾਗ ਦੀ ਮੈਡਮ ਗੁਰਮੀਤ ਕੌਰ ਵਲੋਂ ਪਿੰਡ ਛਿੱਡਣ ਵਿਖੇ ਕੀਤੇ ਗਏ ਸਾਂਝੇ ਸਰਚ ਅਭਿਆਨ ਦੌਰਾਨ ਹਜ਼ਾਰਾਂ ਲੀਟਰ ਲਾਹਣ ਤੇ ਸ਼ਰਾਬ ਕੱਢਣ ਦੇ ਸਮਾਨ ਸਮੇਤ ਦੋ ਨੂੰ ਕਾਬੂ ਕਰਨ ਖ਼ਬਰ ਹੈ। ਗੁਪਤ ਸੂਚਨਾ ਦੇ ਆਧਰ ’ਤੇ ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਹਰਪਾਲ ਸਿੰਘ ਤੇ ਰਣਜੀਤ ਕੌਰ ਦੇ ਘਰੋਂ ਕਰੀਬ 4 ਹਜ਼ਾਰ ਲੀਟਰ ਲਾਹਣ, 35 ਡਰੰਮੀਆ ਪਲਾਸਟਿਕ, 1 ਟੈਂਕੀ ਹਜ਼ਾਰ ਲੀਟਰ, 2 ਇਲੈਕਟ੍ਰਿਕ ਭੱਠੀਆ ਤੇ ਡਰੰਮਾ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ। ਥਾਣਾ ਲੋਪੋਕੇ ਵਿਖੇ ਉਕਤ ਦੋਵਾਂ ਖ਼ਿਲਾਫ਼ ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।