ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 22 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਸੁਨਾਮ-ਲਹਿਰਾ ਸੜਕ ’ਤੇ ਸਥਾਨਕ ਨਵੀਂ ਅਨਾਜ ਮੰਡੀ ਨੇੜੇ ਹੋਏ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਸੁਨਾਮ ਦੇ ਇੰਚਾਰਜ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਸੱਤ ਅੱਠ ਵਜੇ ਜਸਵਿੰਦਰ ਸਿੰਘ (55) ਪੁੱਤਰ ਬਘੇਲ ਸਿੰਘ ਵਾਸੀ ਸੁਨਾਮ ਮੋਟਰਸਾਈਕਲ ’ਤੇ ਇਕੱਲਾ ਹੀ ਪਿੰਡ ਖਡਿਆਲ ਵਲੋਂ ਸਥਾਨਕ ਆਈ.ਟੀ.ਆਈ ਵੱਲ ਆ ਰਿਹਾ ਸੀ, ਜਿਵੇਂ ਹੀ ਉਹ ਸੁਨਾਮ-ਲਹਿਰਾ ਸੜਕ ’ਤੇ ਆਈ.ਟੀ.ਆਈ ਵੱਲ ਮੁੜਨ ਲੱਗਿਆ ਤਾਂ ਖਡਿਆਲ ਚੌਂਕ ਨੇੜੇ ਛਾਜਲੀ ਵਲੋਂ ਆ ਰਹੇ ਇਕ ਟਰਾਲੇ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਤੁਰੰਤ ਇਲਾਜ ਲਈ ਉਸ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਜਦੋਂ ਕਿ ਚਾਲਕ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਟਰਾਲੇ ਨੂੰ ਕਬਜ਼ੇ ’ਚ ਲੈਕੇ ਚਾਲਕ ਦਾਨਾ ਰਾਮ ਵਾਸੀ ਰਾਜਸਥਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।