ਸੁਨਾਮ ਦਾ ਵਿਸ਼ਾਲ ਕੁਮਾਰ ਆਸਟ੍ਰੇਲੀਅਨ ਫੌਜ ਦਾ ਬਣਿਆ ਜਵਾਨ
ਸੁਨਾਮ ਊਧਮ ਸਿੰਘ ਵਾਲਾ, 22 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਨੌਜਵਾਨ ਵਿਸ਼ਾਲ ਕੁਮਾਰ ਨੇ ਆਸਟ੍ਰੇਲੀਆ ਫ਼ੌਜ ਵਿਚ ਭਰਤੀ ਹੋ ਕੇ ਆਪਣੇ ਮਾਤਾ-ਪਿਤਾ ਅਤੇ ਸੁਨਾਮ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਵਿਸ਼ਾਲ ਦੇ ਪਿਤਾ ਸੇਵਾ ਮੁਕਤ ਪ੍ਰਿੰਸੀਪਲ ਪਵਨ ਕੁਮਾਰ ਨੇ ਦੱਸਿਆ ਕਿ ਉਸਦਾ ਪੁੱਤਰ ਵਿਸ਼ਾਲ ਸਾਲ 2008 ਵਿਚ ਪੜਾਈ ਕਰਨ ਲਈ ਉੱਥੇ ਗਿਆ ਸੀ ਅਤੇ ਪੜ੍ਹਾਈ ਕਰਨ ਉਪਰੰਤ ਉਸ ਨੇ ਵੱਖ-ਵੱਖ ਥਾਵਾਂ ਤੋਂ ਇਲਾਵਾ ਉੱਥੋਂ ਦੇ ਸਰਕਾਰੀ ਹਸਪਤਾਲ ਵਿਚ ਵੀ ਨੌਕਰੀ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਾਲ ਕੁਮਾਰ ਬਹੁਤ ਮਿਹਨਤੀ ਹੋਣ ਦੇ ਨਾਲ ਪੜਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਹੁਣ ਉਨ੍ਹਾਂ ਦੇ ਪੁੱਤਰ ਵਿਸ਼ਾਲ ਕੁਮਾਰ ਨੇ ਅਸਟ੍ਰੇਲੀਅਨ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੀਖਿਆ ਦਿੱਤੀ, ਜਿਸ ਵਿਚ ਉਹ ਸਫ਼ਲ ਹੋ ਗਿਆ। ਹੁਣ ਉਸ ਦੀ ਸਿਖਲਾਈ ਵੀ ਸ਼ੁਰੂ ਹੋ ਚੁੱਕੀ ਹੈ। ਇਹ ਖ਼ਬਰ ਸੁਣ ਕੇ ਵਿਸ਼ਾਲ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।