ਯਾਦਗਾਰ ਦੇ ਫ਼ੰਡਾਂ ਨਾਲ ਡਾ. ਹਮਦਰਦ ਦਾ ਕੋਈ ਲੈਣਾ ਦੇਣਾ ਨਹੀਂ - ਡਾ. ਨਿੱਝਰ

ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ’ਚ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਬਿਊਰੋ ਵਲੋਂ ਜਾਂਚ ਲਈ ਤਲਬ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਦੇ ਆਪਣੇ ਵਿਧਾਇਕ ਅਤੇ ਮੰਤਰੀ ਵੀ ਨਾਖ਼ੁਸ਼ ਅਤੇ ਅਸੰਤੁਸ਼ਟ ਹਨ। ਅੱਜ ਅੰਮ੍ਰਿਤਸਰ ਵਿਖੇ ਇਕ ਸ਼ਹੀਦੀ ਸਮਾਰਕ ਦੇ ਉਦਘਾਟਨ ਸਮਾਗਮ ’ਚ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਦੀ ਕਰਾਈ ਜਾ ਰਹੀ ਵਿਜੀਲੈਂਸ ਜਾਂਚ ਨਾਲ ਡਾ. ਹਮਦਰਦ ਦਾ ਕੋਈ ਲੈਣਾ ਦੇਣਾ ਨਹੀ ਹੈ ਅਤੇ ਜੇਕਰ ਇਸ ਦੀ ਉਸਾਰੀ ’ਚ ਕੋਈ ਭ੍ਰਿਸ਼ਟਾਚਾਰ ਹੋਇਆ ਵੀ ਹੈ ਤਾਂ ਇਹ ਜਾਂਚ ਸਿਰਫ਼ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ਠੇਕੇਦਾਰਾਂ ਜਾਂ ਹੋਰ ਹੇਠਲੇ ਅਮਲੇ ਦੀ ਹੋਣੀ ਚਾਹੀਦੀ ਸੀ। ਡਾ. ਨਿੱਜਰ ਨੇ ਇਹ ਜ਼ੋਰ ਦੇ ਕੇ ਆਖਿਆ ਕਿ ਉਹ ਨਿੱਜੀ ਤੌਰ ’ਤੇ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਅਦਾਰਾ ‘ਅਜੀਤ’ ਦਾ ਬੇਹੱਦ ਸਤਿਕਾਰ ਕਰਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾ. ਨਿੱਝਰ ਤੋਂ ਪਹਿਲਾਂ ਵੀ ਸੂਬਾਈ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਲੈ ਕੇ ਦਬਵੀਂ ਆਵਾਜ਼ ਵਿਚ ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਸਿਆਸਤ ਅਤੇ ਅਦਾਰਾ ‘ਅਜੀਤ’ ਪ੍ਰਤੀ ਕੱਢੀ ਜਾ ਰਹੀ ਖੁੰਧਕ ਦੀ ਨਿੰਦਾ ਕਰ ਚੁੱਕੇ ਹਨ।