ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਲਈ ਪੀੜਤਾ ਅਤੇ ਉਸ ਦੇ ਸਮਰਥਕਾਂ ਨੇ ਥਾਣੇ ਮੂਹਰੇ ਲਗਾਇਆ ਧਰਨਾ
ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)- ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਰਾਹਗੀਰਾਂ ਨੂੰ ਉਸ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਔਰਤ ਨਾਲ ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਲਈ ਪੀੜਤ ਔਰਤ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਨਾਲ ਲੈ ਕੇ ਪੁਲਿਸ ਥਾਣਾ ਬੱਧਨੀ ਕਲਾਂ ਦੇ ਮੂਹਰੇ ਧਰਨਾ ਲਗਾ ਕੇ ਸੜਕ ਨੂੰ ਜਾਮ ਕਰ ਦਿੱਤਾ ਗਿਆ। ਪਿੰਡ ਲੋਪੋ ਦੀ ਵਸਨੀਕ ਪੀੜਤ ਔਰਤ ਨੇ ਥਾਣਾ ਬੱਧਨੀ ਕਲਾਂ ਵਿਖੇ ਬਿਆਨ ਦਰਜ ਕਰਾਉਂਦਿਆ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਦੇਖਣ ਲਈ ਘਰ ਦੇ ਬਾਹਰ ਖੜੀ ਸੀ, ਇੰਨੀ ਹੀ ਦੇਰ ਵਿਚ ਪਿੰਡ ਲੋਪੋ ਵਿਖੇ ਰਹਿ ਰਿਹਾ ਲਾਲੂ ਆਇਆ ਤੇ ਮੇਰਾ ਹਾਲ ਚਾਲ ਪੁੱਛਣ ਦੇ ਬਹਾਨੇ ਉਸ ਨੇ ਮੇਰਾ ਮੂੰਹ ਹੱਥ ਨਾਲ ਬੰਦ ਕਰ ਕੇ ਮੈਨੂੰ ਜ਼ਬਰਦਸਤੀ ਚੁੱਕ ਕੇ ਘਰ ਦੇ ਅੰਦਰ ਲੈ ਗਿਆ ਤੇ ਉਸ ਨੇ ਮੇਰੇ ਨਾਲ ਬਹੁਤ ਹੀ ਜ਼ਿਆਦਾ ਗਲਤ ਹਰਕਤਾਂ ਕੀਤੀਆਂ, ਜਿਉਂ ਹੀ ਮੈਂ ਰੌਲਾ ਪਾਇਆ ਤਾਂ ਉਹ ਭੱਜ ਗਿਆ। ਇਹ ਸਾਰੀ ਗੱਲਬਾਤ ਮੈਂ ਆਪਣੇ ਘਰ ਵਾਲੇ ਨੂੰ ਦੱਸੀ ਤਾਂ ਉਹ ਇਤਲਾਹ ਦੇਣ ਲਈ ਪੁਲਿਸ ਚੌਕੀਂ ਲੋਪੋ ਵਿਖੇ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਮਨਜੀਤ ਸਿੰਘ ਢੇਸੀ ਅਤੇ ਥਾਣਾ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਜਲਦ ਹੀ ਗਿ੍ਰਫ਼ਤਾਰ ਕਰਕੇ ਉਸ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।