ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸੰਗੀਤਾ ਫੋਗਾਟ ਵਿਰੁੱਧ ਐਫ਼.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਨਿਰਾਸ਼ਾ ਜ਼ਾਹਰ ਕੀਤੀ। ਉਸ ਨੇ ਟਵੀਟ ਕਰ ਕਿਹਾ ਕਿ ਦਿੱਲੀ ਪੁਲਿਸ ਨੂੰ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਬ੍ਰਿਜ ਭੂਸ਼ਣ ਵਿਰੁੱਧ ਐਫ਼.ਆਈ.ਆਰ. ਦਰਜ ਕਰਨ ਵਿਚ ਸੱਤ ਦਿਨ ਲੱਗ ਜਾਂਦੇ ਹਨ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਸਾਡੇ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਨ ਵਿਚ ਸੱਤ ਘੰਟੇ ਵੀ ਨਹੀਂ ਲੱਗੇ। ਕੀ ਇਸ ਦੇਸ਼ ਵਿਚ ਤਾਨਾਸ਼ਾਹੀ ਸ਼ੁਰੂ ਹੋ ਗਈ ਹੈ? ਉਸ ਨੇ ਕਿਹਾ ਕਿ ਪੂਰੀ ਦੁਨੀਆ ਦੇਖ ਰਹੀ ਹੈ ਕਿ ਸਰਕਾਰ ਆਪਣੇ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ ਹੈ।