ਭਾਕਿਯੂ ਏਕਤਾ ਉਗਰਾਹਾਂ ਨੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ। ਇਸ ਤੋਂ ਪਹਿਲਾਂ ਬਾਦਲ ਹਾਉਸ ਦੇ ਨੇੜੇ ਜਥੇਬੰਦੀ ਵਲੋਂ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਬਠਿੰਡਾ-ਲੰਬੀ ਮੁੱਖ ਸੜਕ ਉਪਰ ਭਰਵੇਂ ਇਕੱਠ ਵਾਲੀ ਚਿਤਾਵਨੀ ਰੈਲੀ ਕੀਤੀ ਗਈ। ਜਥੇਬੰਦੀ ਦੇ ਸੈਂਕੜੇ ਪੁਰਸ਼ ਔਰਤ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੋ ਵੱਖ ਵੱਖ ਚਿਤਾਵਨੀ ਪੱਤਰ ਦੇਣ ਪੁੱਜੇ ਹੋਏ ਸਨ। ਇਸ ਮੌਕੇ ਡੀ.ਐਸ.ਪੀ. ਬਲਕਾਰ ਸਿੰਘ ਦੀ ਅਗਵਾਈ ਹੇਠਾਂ ਪੁਲਿਸ ਅਮਲਾ ਮੌਜੂਦ ਸੀ।