ਓਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ

ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠੀਆਂ ਓਲੰਪੀਅਨ ਪਹਿਲਵਾਨ ਬੀਬੀਆਂ ਨਾਲ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਸਰਕਾਰੀ ਤੰਤਰ ਵਲੋਂ ਮਨੁੱਖੀ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਜ਼ਬਰਦਸਤੀ ਲੋਕਤੰਤਰ 'ਤੇ ਧੱਬਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਲਈ ਨਵੀਂ ਬਣੀ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਤੇ ਦੂਜੇ ਪਾਸੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਮਹਿਲਾ ਪਹਿਲਵਾਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਸੀ, ਜਿਸ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਇਕ ਵਫ਼ਦ ਨੇ ਜੰਤਰ-ਮੰਤਰ ਵਿਖੇ ਇਨ੍ਹਾਂ ਪਹਿਲਵਾਨਾਂ ਵਲੋਂ ਇਨਸਾਫ਼ ਲਈ ਲਾਏ ਧਰਨੇ ਵਿਚ ਸਮਰਥਨ ਲਈ ਸ਼ਾਮਿਲ ਹੋਣਾ ਸੀ ਪਰੰਤੂ ਸਰਕਾਰ ਵਲੋਂ ਬੀਤੇ ਕੱਲ੍ਹ ਜ਼ਬਰੀ ਧਰਨਾ ਚੁਕਵਾਉਣ ਕਾਰਨ ਇਹ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਹੱਕਾਂ ਲਈ ਲੜਾਈ ਲੜ ਰਹੀਆਂ ਇਨ੍ਹਾਂ ਮਹਿਲਾ ਪਹਿਲਵਾਨਾਂ ਦੇ ਨਾਲ ਢੱਟ ਕੇ ਖੜ੍ਹੀ ਹੈ ਅਤੇ ਅੱਗੋਂ ਜੋ ਵੀ ਪ੍ਰੋਗਰਾਮ ਬਣੇਗਾ ਇਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।