ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ
ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਪੰਜਾਬ 'ਚੋਂ ਚਿੱਟੇ ਦਾ ਨਸ਼ਾ ਖ਼ਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਗਲੀ-ਗਲੀ ਵਿਕਦਾ ਚਿੱਟਾ ਅੱਜ ਵੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੌੜ ਬਲਾਕ ਦੇ ਪਿੰਡ ਚਨਾਰਥਲ ਖਾਨਾ ਵਿਖੇ ਸਾਹਮਣੇ ਆਇਆ ਹੈ, ਜਿੱਥੇ ਕਿ ਇਕ ਨੌਜਵਾਨ ਵਲੋਂ ਚਿੱਟੇ ਦਾ ਟੀਕਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਨਾਰਥਲ ਖਾਨਾ ਦਾ ਨੌਜਵਾਨ ਕੁਲਦੀਪ ਸਿੰਘ (29) ਪੁੱਤਰ ਭੋਲਾ ਸਿੰਘ ਪਿਛਲੇ ਕੁਝ ਸਮੇਂ ਤੋਂ ਚਿੱਟੇ ਦਾ ਆਦੀ ਸੀ। ਅੱਜ ਜਦ ਉਹ ਘਰ ਨਾ ਆਇਆ ਤਾਂ ਉਸ ਦੀ ਮਾਂ ਨੇ ਉਸ ਦੀ ਭਾਲ ਕੀਤੀ ਤਾਂ ਉਸ ਨੇ ਦੇਖਿਆ ਕਿ ਇਕ ਸੁੰਨਸਾਨ ਜਗ੍ਹਾ 'ਤੇ ਉਸ ਦਾ ਪੁੱਤਰ ਮ੍ਰਿਤਕ ਪਿਆ ਹੈ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਘਰ ਲਿਆਂਦਾ ਗਿਆ। ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦਾ ਛੇ ਮਹੀਨੇ ਪਹਿਲਾਂ ਦਿਹਾਂਤ ਹੋ ਚੁੱਕਾ ਹੈ। ਉਸ ਦੀ ਇਕ ਭੈਣ ਵਿਆਹੀ ਹੋਈ ਹੈ ਘਰ ਵਿਚ ਸਿਰਫ਼ ਉਸ ਦੀ ਬੁੱਢੀ ਮਾਂ ਹੀ ਸੀ। ਮ੍ਰਿਤਕ ਆਪਣੀ ਤਿੰਨ ਕਿੱਲੇ ਜ਼ਮੀਨ ਨਸ਼ੇ ਕਾਰਨ ਹੀ ਵੇਚ ਚੁੱਕਾ ਹੈ ਅਤੇ ਹੁਣ ਮਾਤਾ ਦੇ ਗੁਜ਼ਾਰੇ ਲਈ ਕੋਈ ਵੀ ਸਾਧਨ ਨਹੀ ਹੈ।