ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ ਹੈ। ਨਿਰਮਾਣ ਅਧੀਨ ਪੁਲ ਦਾ ਸੁਪਰ ਸਟ੍ਰਕਚਰ ਨਦੀ ਵਿਚ ਡਿੱਗ ਗਿਆ ਅਤੇ ਇਸ ਦੇ ਨਾਲ ਹੀ ਪੁਲ ’ਤੇ ਡਿਊਟੀ ਕਰ ਰਹੇ ਦੋ ਗਾਰਡ ਵੀ ਹਾਦਸੇ ਤੋਂ ਬਾਅਦ ਲਾਪਤਾ ਹਨ, ਜਿਨ੍ਹਾਂ ਦੀ ਐਸ.ਡੀ.ਆਰ.ਐਫ਼. ਦੀ ਟੀਮ ਵਲੋਂ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਦੱਸ ਦੇਈਏ ਕਿ ਇਸਦਾ ਨਿਰਮਾਣ ਐਸ.ਪੀ. ਸਿੰਗਲਾ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਪੁਲ ਨੂੰ ਖਗੜੀਆ ਅਤੇ ਭਾਗਲਪੁਰ ਜ਼ਿਲ੍ਹਿਆਂ ਨੂੰ ਜੋੜਨ ਲਈ ਬਣਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 27 ਅਪ੍ਰੈਲ ਨੂੰ ਤੇਜ਼ ਤੂਫ਼ਾਨ ਤੇ ਮੀਂਹ ਕਾਰਨ ਇਸ ਨਿਰਮਾਣ ਅਧੀਨ ਪੁਲ ਦਾ ਸੁਪਰ ਸਟ੍ਰਕਚਰ ਨਦੀ ਵਿਚ ਡਿੱਗ ਗਿਆ ਸੀ। ਹਾਲਾਂਕਿ ਉਸ ਸਮੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸੀ। ਇਸ ਤੋਂ ਬਾਅਦ ਹੁਣ ਇਸ ਪੁਲ ਨੂੰ ਬਣਾਉਣ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਸੀ ਤੇ ਇਸ ਵਾਰ ਇਸਦਾ ਕਰੀਬ 80 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਸੀ।