ਕਈ ਲੋਕ ਗੁਜਰਾਤ ਨੂੰ ਬਦਨਾਮ ਕਰਨਾ ਚਾਹੁੰਦੇ ਸਨ, ਪਰ ਵਿਕਾਸ ਦਾ ਨਤੀਜਾ ਸਭ ਦੇ ਸਾਹਮਣੇ ਹੈ- ਪ੍ਰਧਾਨ ਮੰਤਰੀ
ਅਹਿਮਦਾਬਾਦ, 27 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਸਾਇੰਸ ਸਿਟੀ ਵਿਖੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਸੰਬੰਧ ਵਿਚ ਆਯੋਜਿਤ ਇਕ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 20 ਸਾਲ ਪਹਿਲਾਂ ਇਕ ਛੋਟਾ ਜਿਹਾ ਬੀਜ ਬੀਜਿਆ ਸੀ, ਅੱਜ ਉਹ ਇੰਨਾ ਵੱਡਾ ਬੋਹੜ ਦਾ ਰੁੱਖ ਬਣ ਗਿਆ ਹੈ। ਕਈ ਸਾਲ ਪਹਿਲਾਂ ਮੈਂ ਕਿਹਾ ਸੀ ਕਿ ਵਾਈਬ੍ਰੈਂਟ ਗੁਜਰਾਤ ਸਿਰਫ਼ ਬ੍ਰਾਂਡਿੰਗ ਦਾ ਆਯੋਜਨ ਭਰ ਨਹੀਂ ਹੈ, ਸਗੋਂ ਇਸ ਤੋਂ ਵੀ ਵੱਧ ਇਹ ਬੰਧਨ ਦਾ ਆਯੋਜਨ ਹੈ ਅਤੇ ਇਹ ਬੰਧਨ ਮੇਰੇ ਅਤੇ ਗੁਜਰਾਤ ਦੇ ਸੱਤ ਕਰੋੜ ਨਾਗਰਿਕਾਂ ਅਤੇ ਉਨ੍ਹਾਂ ਦੀਆਂ ਸਮਰਥਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਨੂੰ ਸਵਾਮੀ ਵਿਵੇਕਾਨੰਦ ਦੇ ਸ਼ਬਦ ਯਾਦ ਆ ਰਹੇ ਹਨ, ਜਿਸ ਵਿਚ ਉਨ੍ਹਾਂ ਕਿਹਾ ਕਿ ਹਰ ਕੰਮ ਨੂੰ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ, ਪਹਿਲਾਂ ਲੋਕ ਇਸ ਦਾ ਮਜ਼ਾਕ ਉਡਾਉਂਦੇ ਹਨ, ਫਿਰ ਵਿਰੋਧ ਕਰਦੇ ਹਨ ਅਤੇ ਬਾਅਦ ਵਿਚ ਸਵੀਕਾਰ ਕਰਦੇ ਹਨ। 2001 ਦੇ ਭਿਆਨਕ ਭੁਚਾਲ ਤੋਂ ਪਹਿਲਾਂ ਵੀ ਗੁਜਰਾਤ ਲੰਬੇ ਸਮੇਂ ਤੋਂ ਅਕਾਲ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ। ਭੁਚਾਲ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ, ਇਸੇ ਦੌਰਾਨ ਗੋਧਰਾ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਅਤੇ ਉਸ ਤੋਂ ਬਾਅਦ ਗੁਜਰਾਤ ਹਿੰਸਾ ਦੀ ਲਪੇਟ ਵਿਚ ਆ ਗਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਜਿਨ੍ਹਾਂ ਦਾ ਕੋਈ ਏਜੰਡਾ ਸੀ, ਉਹ ਆਪਣੇ ਤਰੀਕੇ ਨਾਲ ਘਟਨਾਵਾਂ ਦਾ ਮੁਲਾਂਕਣ ਕਰਨ ਵਿਚ ਰੁੱਝੇ ਹੋਏ ਸਨ। ਇਹ ਕਿਹਾ ਗਿਆ ਕਿ ਨੌਜਵਾਨ, ਵਪਾਰੀ, ਉਦਯੋਗ ਸਾਰੇ ਗੁਜਰਾਤ ਤੋਂ ਹਿਜਰਤ ਕਰਨਗੇ, ਗੁਜਰਾਤ ਨੂੰ ਦੁਨੀਆ ਵਿਚ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਕਿਹਾ ਗਿਆ ਸੀ ਕਿ ਗੁਜਰਾਤ ਕਦੇ ਵੀ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕੇਗਾ। ਉਸ ਸੰਕਟ ਵਿਚ ਮੈਂ ਸੰਕਲਪ ਲਿਆ ਕਿ ਹਾਲਾਤ ਜੋ ਵੀ ਹੋਣ ਮੈਂ ਗੁਜਰਾਤ ਨੂੰ ਇਸ ਵਿਚੋਂ ਬਾਹਰ ਕੱਢਾਂਗਾ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ।