JALANDHAR WEATHER

ਪੁਲਿਸ-ਵਕੀਲ ਵਿਵਾਦ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਪ੍ਰੈਸ ਕਾਨਫ਼ਰੰਸ

ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕਰਦਿਆਂ ਲੱਖਾ ਸਿਧਾਣਾ ਸਮੇਤ ਹੋਰ ਵਿਅਕਤੀਆਂ ਨੂੰ ਵਕੀਲ ਭਾਈਚਾਰੇ ਵਿਰੁੱਧ ਬੋਲਣ ’ਤੇ ਸਿੱਧੀ ਚਿਤਾਵਨੀ ਦਿੰਦਿਆ ਕਿਹਾ ਗਿਆ ਕਿ 24 ਘੰਟਿਆਂ ਵਿਚ ਉਹ ਆਪਣੀ ਗਲਤੀ ਦਾ ਅਹਿਸਾਸ ਕਰਨ ਨਹੀਂ ਤਾਂ ਕਾਨੂੰਨੀ ਤੌਰ ’ਤੇ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਵਲੋਂ ਅੱਜ ਬਾਰ ਰੂਮ ਵਿਖੇ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ 29 ਸਤੰਬਰ 2023 ਤੱਕ ਇਸੇ ਤਰ੍ਹਾਂ ਹੜਤਾਲ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਇਹ ਮੰਗ ਹੈ ਕਿ ਜਿੰਨ੍ਹਾਂ ਪੁਲਿਸ ਕਰਮਚਾਰੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਸਭ ਨੂੰ ਮੁਅੱਤਲ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਅਹੁਦੇਦਾਰਾਂ ਨੇ ਇਸ ਗੱਲ ’ਤੇ ਤਿੱਖਾ ਸਟੈਂਡ ਲਿਆ ਕਿ ਬੀਤੇ ਦਿਨੀਂ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਕੁਝ ਹੋਰ ਲੋਕਾਂ ਨੇ ਪੁਲਿਸ ਦੇ ਹੱਕ ਵਿਚ ਵੀਡੀਓ ਬਿਆਨਬਾਜ਼ੀ ਕਰਦਿਆਂ ਵਕੀਲ ਭਾਈਚਾਰੇ ’ਤੇ ਕਥਿਤ ਗਲਤ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਿਸ ਵਕੀਲ ’ਤੇ ਅਣਮਨੁੱਖੀ ਤਸ਼ੱਦਦ ਹੋਇਆ ਉਸਦਾ ਅਜਿਹੇ ਨਸ਼ੇ ਦੇ ਮਾਮਲੇ ਨਾਲ ਕੋਈ ਤਾਲੁਕ ਨਹੀਂ ਹੈ, ਇਸ ਤਰ੍ਹਾਂ ਗਲਤ ਬਿਆਨਬਾਜ਼ੀ ਕਰਕੇ ਵਕੀਲ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕ ਵਕੀਲ ’ਤੇ ਅਣਮਨੁੱਖੀ ਤਸ਼ੱਦਦ ਹੋਇਆ ਹੈ ਅਤੇ ਇਸ ਦੀ ਲੜ੍ਹਾਈ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲ ਲੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿਚ ਜੇਕਰ 29 ਤੱਕ ਠੋਸ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ