ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਰੋਡਵੇਜ਼ ਦੀ ਬੱਸ ਪਲਟੀ
ਜ਼ੀਰਕਪੁਰ, 27 ਮਈ (ਅਵਤਾਰ ਸਿੰਘ)- ਜ਼ੀਰਕਪੁਰ ਅੰਬਾਲਾ ਸੜਕ ’ਤੇ ਅੱਜ ਬਾਅਦ ਦੁਪਹਿਰ ਇਕ ਹਰਿਆਣਾ ਰੋਡਵੇਜ਼ ਦੀ ਬੱਸ ਗਲਤ ਦਿਸ਼ਾ ਵੱਲ ਤੋਂ ਆ ਰਹੇ ਸਕੂਟਰ ਸਵਾਰ ਨੂੰ ਬਚਾਉਂਦੇ ਹੋਏ ਪਲਟ ਗਈ। ਇਸ ਦੌਰਾਨ ਬੱਸ ਵਿਚ ਸਵਾਰ ਕਰੀਬ ਡੇਢ ਦਰਜਨ ਸਵਾਰੀਆਂ ਵਿਚੋਂ ਅੱਧੀ ਦਰਜਨ ਸਵਾਰੀਆਂ ਨੂੰ ਸੱਟਾਂ ਵੱਜਣ ਕਰਨ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਚਾਰ ਵਜੇ ਚੰਡੀਗੜ ਵੱਲ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦਿੱਲੀ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਬੱਸ ਜ਼ੀਰਕਪੁਰ ਤੋਂ ਫ਼ਲਾਈ ਓਵਰ ਚੜਨ ਲੱਗੀ ਤਾਂ ਅੱਗੇ ਤੋਂ ਗਲਤ ਦਿਸ਼ਾ ਵੱਲ ਤੋਂ ਆ ਰਹੇ ਸਕੂਟਰ ਸਵਾਰ ਨੂੰ ਬਚਾਉਦੇ ਹੋਏ ਡਰਾਈਵਰ ਨੇ ਜੱਦ ਇਕਦਮ ਬ੍ਰੇਕ ਲਗਾਈ ਤਾਂ ਪਹਿਲਾਂ ਬੱਸ ਇਕ ਖੰਭੇ ਨਾਲ ਟਕਰਾਈ, ਜਿਸ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਈ। ਬੱਸ ਖਿੜਕੀ ਵਲੇ ਪਾਸੇ ਪਲਟੀ ਜਿਸ ਕਾਰਨ ਅੰਦਰ ਮੌਜੂਦ ਸਵਾਰੀਆਂ ਨੂੰ ਨਿਕਲਣਾ ਮੁਸ਼ਕਿਲ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਦੇ ਅੱਗੇ ਅਤੇ ਪਿੱਛੇ ਵਾਲੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਸਕੂਟਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਸਿੱਧੀ ਕਰਵਾ ਕੇ ਜਾਮ ਖੁਲਵਾਇਆ। ਖ਼ਬਰ ਲਿਖੇ ਜਾਣ ਤੱਕ ਲੰਬਾ ਜਾਮ ਲੱਗਿਆ ਹੋਇਆ ਹੈ।