ਸੈਂਕੜੇ ਕਿਸਾਨਾਂ ਨੇ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 10 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਲਾਕ ਸੁਨਾਮ ਅਤੇ ਸੰਗਰੂਰ ਦੇ ਸੈਂਕੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਚੌਥੇ ਦਿਨ ਵੀ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ੇਰੋਂ-ਮਾਡਲ ਟਾਊਨ ਸੜਕ ’ਤੇ ਰੋੜਾ ਪਾਏ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਇਸ ਸੜਕ ’ਤੇ ਪ੍ਰੀਮਿਕਸ ਨਹੀਂ ਪਾਈ ਗਈ। ਜਿਸ ਕਾਰਨ ਜਿੱਥੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਉੱਥੇ ਹੀ ਖ਼ੇਤ-ਬੰਨ੍ਹੇ ਜਾਣ ਵਾਲੇ ਕਿਸਾਨਾਂ ਲਈ ਵੀ ਵੱਡੀ ਦਿੱਕਤ ਬਣੀ ਹੋਈ ਹੈ। ਇਸੇ ਤਰ੍ਹਾਂ ਚੀਮਾ-ਲਹਿਰਾਗਾਗਾ ਸੜਕ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਕਤ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।