ਬੱਸ ਦਰੱਖ਼ਤ ਵਿਚ ਵੱਜਣ ਨਾਲ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਜ਼ਖ਼ਮੀ

ਰਾਮਾਂ ਮੰਡੀ, 1 ਦਸੰਬਰ (ਤਰਸੇਮ ਸਿੰਗਲਾ)- ਕਾਲਿਆਂਵਾਲੀ ਤੋਂ ਤਲਵੰਡੀ ਸਾਬੋ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਅੱਜ ਦੁਪਹਿਰ ਪਿੰਡ ਗਾਟਵਾਲੀ ਅਤੇ ਮਲਕਾਣਾ ਦੇ ਵਿਚਕਾਰ ਇਕ ਵਾਹਨ ਤੋਂ ਅੱਗੇ ਲੰਘਦੇ ਸਮੇਂ ਸੜਕ ਕਿਨਾਰੇ ਲੱਗੇ ਦਰੱਖ਼ਤ ਵਿਚ ਜਾ ਵੱਜੀ। ਜਿਸ ਨਾਲ ਬੱਸ ਦੇ ਅਗਲੇ ਹਿੱਸੇ ਸਮੇਤ ਸ਼ੀਸ਼ੇ ਟੁੱਟ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫ਼ੇਅਰ ਸੁਸਾਇਟੀ ਰਾਮਾਂ ਦੀ ਐਂਬੂਲੈਂਸ ਅਤੇ 108 ਨੰਬਰ ਐਂਬੂਲੈਂਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜ਼ਖ਼ਮੀ ਸਵਾਰੀਆਂ ਨੂੰ ਤਲਵੰਡੀ ਸਾਬੋ ਹਸਪਤਾਲ ਵਿਚ ਪਹੁੰਚਾਇਆ ਗਿਆ।