2015 ’ਚ ਬੀ.ਐਸ.ਐਫ਼. ਦੇ ਕਾਫ਼ਲੇ ’ਤੇ ਹਮਲਾ ਕਰਨ ਵਾਲੇ ਅੱਤਵਾਦੀ ਅਦਨਾਨ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ, 6 ਦਸੰਬਰ- ਲਸ਼ਕਰ-ਏ-ਤਾਇਬਾ ਦੇ ਸੰਸਥਾਪਕ ਅਤੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਕਰੀਬੀ ਮੰਨੇ ਜਾਂਦੇ ਅਦਨਾਨ ਅਹਿਮਦ ਦੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਹਿਮਦ, ਸਾਬਕਾ ਕੌਂਸਲਰ, ਲਸ਼ਕਰ ਦੇ ਸਿਆਸੀ ਫਰੰਟ ਮਿੱਲੀ ਮੁਸਲਿਮ ਲੀਗ ਨਾਲ ਸੰਬੰਧਿਤ ਸੀ। ਉਸ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ’ਚ 2015 ’ਚ ਸੀਮਾ ਸੁਰੱਖਿਆ ਬਲ ਦੇ ਕਾਫ਼ਲੇ ’ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਰਿਪੋਰਟਾਂ ਅਨੁਸਾਰ ਅਣਪਛਾਤੇ ਬੰਦੂਕਧਾਰੀਆਂ ਨੇ 2 ਅਤੇ 3 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਹਿਮਦ ਦੀ ਉਸ ਦੇ ਘਰ ਦੇ ਬਾਹਰ ਹੱਤਿਆ ਕਰ ਦਿੱਤੀ। ਅਹਿਮਦ ਨੂੰ ਬਾਅਦ ਵਿਚ ਸਥਾਨਕ ਬਚਾਅ ਦਲ ਨੇ ਨੇੜਲੇ ਅੱਬਾਸੀ ਸ਼ਹੀਦ ਹਸਪਤਾਲ ਲਿਜਾਇਆ ਗਿਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਹਸਪਤਾਲ ਨੇ ਬਾਅਦ ਵਿਚ ਇਸ ਦੀ ਪੁਸ਼ਟੀ ਕੀਤੀ।