ਗੁਰਦੁਆਰੇ ‘ਚ ਗ੍ਰੰਥੀ ਸਿੰਘ ’ਤੇ ਹਮਲਾ ਤੇ ਬੇਅਦਬੀ ਦੀ ਘਟਨਾ ਗੰਭੀਰ ਸਾਜ਼ਿਸ਼ ਦਾ ਸਿੱਟਾ- ਜਥੇਦਾਰ
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਮੋਹਾਲੀ ਦੇ ਨੇੜੇ ਪਿੰਡ ਸਿੱਲ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਉੱਪਰ ਹੋਏ ਹਮਲੇ ਅਤੇ ਬੇਅਦਬੀ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਬੇਅਦਬੀਆਂ ਨੂੰ ਰੋਕਣ ਵਿਚ ਸਰਕਾਰ ਦੀ ਅਸਫ਼ਲਤਾ ਕਾਰਨ ਗੁਰੂ ਦੋਖੀਆਂ ਦੇ ਹੌਂਸਲੇ ਹੋਰ ਵਧ ਰਹੇ ਹਨ, ਜੋ ਕਿ ਚੱਲ ਰਹੀ ਕਿਸੇ ਵੱਡੀ ਤੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵਲੋਂ ਜਾਰੀ ਬਿਆਨ ਵਿਚ ਉਨ੍ਹਾਂ ਆਖਿਆ ਕਿ ਹੁਣ ਸਿੱਖ ਸੰਗਤਾਂ ਨੂੰ ਵੀ ਬੇਅਦਬੀ ਨੂੰ ਰੋਕਣ ਲਈ ਕੇਵਲ ਸਰਕਾਰਾਂ ਤੋਂ ਆਸ-ਉਮੀਦ ਰੱਖਣ ਦੀ ਥਾਂ ਪਿੰਡਾਂ, ਨਗਰਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਆਪ ਗੁਰੂ-ਘਰਾਂ ਦੀ ਪਹਿਰੇਦਾਰੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਵੀ ਸ਼ਸਤਰਧਾਰੀ ਹੋ ਕੇ ਸੁਚੇਤ ਵਿਚਰਣ ਦੀ ਲੋੜ ਹੈ।