JALANDHAR WEATHER

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ’ਤੇ ਬੈਠੇ ਗ੍ਰੰਥੀ ਸਿੰਘ ਦੀ ਨੌਜਵਾਨ ਵਲੋਂ ਕੀਤੀ ਕੁੱਟਮਾਰ

ਖਰੜ, 6 ਦਸੰਬਰ (ਗੁਰਮੁੱਖ ਸਿੰਘ ਮਾਨ)- ਖਰੜ ਤਹਿਸੀਲ ਦੇ ਪਿੰਡ ਸਿੱਲ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਸਵੇਰੇ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਗੁਰਦੁਆਰਾ ਸਾਹਿਬ ’ਚ ਪਾਠ ਕਰਦੇ ਗ੍ਰੰਥੀ ਸਿੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਕਤ ਨੌਜਵਾਨ ਕੁੱਟਮਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਹੀ ਅਲਫ਼ ਨਗਨ ਹੋ ਗਿਆ। ਉਧਰ ਦੂਸਰੇ ਪਾਸੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜ੍ਹਤ ਗ੍ਰੰਥੀ ਸਿੰਘ ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਪਿੰਡ ਦਾ ਹੀ ਇਕ ਨੌਜਵਾਨ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਉਪਰੰਤ ਉਸ ਕੋਲ ਆ ਕਿ ਅੰਮ੍ਰਿਤ ਛੱਕਣ ਦੀ ਜ਼ਿੱਦ ਕਰਨ ਲੱਗਾ। ਉਨ੍ਹਾਂ ਉਸ ਨੌਜਵਾਨ ਨੂੰ ਕਿਹਾ ਕਿ ਅੰਮ੍ਰਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਛਕਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਕਤ ਨੌਜਵਾਨ ਵਲੋਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਤੋਂ ਹੇਠਾਂ ਸੁੱਟ ਦਿੱਤਾ ਅਤੇ ਘੜੀਸ ਕੇ ਗੋਲਕ ਵਾਲੇ ਪਾਸੇ ਲੈ ਗਿਆ। ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਪਿੰਡ ਵਿਚ ਭੱਜ ਗਿਆ। ਉਨ੍ਹਾਂ ਦਸਿਆ ਕਿ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਆ ਗਈ, ਜਿਸ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਗੁਰਦੁਆਰਾ ਸਾਹਿਬ ’ਚ ਹੋਈ ਇਸ ਘਟਨਾ ਤੋਂ ਬਾਅਦ ਪੁਲਿਸ ਥਾਣਾ ਘੜੂੰਆਂ ਵਲੋਂ ਉਕਤ ਨੌਜਵਾਨ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਈ ਇਸ ਘਟਨਾ ਨਾਲ ਪਿੰਡ ਵਾਸੀਆਂ, ਸਿੱਖ ਜਥੇਬੰਦੀਆਂ ਸਮੇਤ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਪਪਿੰਡ ਨਿਵਾਸੀਆਂ ਦੇ ਦੱਸਣ ਅਨੁਸਾਰ ਗੁਰੂ ਘਰ ’ਚ ਬੇਅਦਬੀ ਕਰਨ ਵਾਲਾ ਨੌਜਵਾਨ ਨਜ਼ਦੀਕੀ ਪਿੰਡ ਵਿਚ ਹੀ ਇਕ ਪੈਟਰੌਲ ਪੰਪ ’ਤੇ ਤੇਲ ਪਾਉਣ ਦਾ ਕੰਮ ਕਰਦਾ ਸੀ। ਡੀ.ਐਸ.ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਨ ਉਪਰੰਤ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ