ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ਕੇ ਇਕ ਮੁਕੱਦਮੇ ਸੰਬੰਧੀ ਸਾਥੀਆਂ ਸਮੇਤ ਪੇਸ਼ੀ ਭੁਗਤੀ । ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਗਏ ਇਕ ਸੰਘਰਸ਼ ਦੌਰਾਨ ਨੈਸ਼ਨਲ ਹਾਈਵੇ ਦੀ ਸੜਕੀ ਆਵਾਜਾਈ ਜਾਮ ਕਰਨ ਸੰਬੰਧੀ ਸੁਖਬੀਰ ਸਿੰਘ ਬਾਦਲ ਅਤੇ ਸਾਥੀਆਂ ਉੱਤੇ ਮੁਕੱਦਮਾ ਦਰਜ ਸੀ, ਜਿਸ ਸੰਬੰਧੀ ਉਹ ਜ਼ੀਰਾ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਸਨ । ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਬੰਟੀ ਰੋਮਾਣਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਡਵੋਕੇਟ ਹਰਗੁਰਬੀਰ ਸਿੰਘ ਗਿੱਲ ਨੇ ਦੱਸਿਆ ਕਿ 2017 ਵਿਚ ਬਠਿੰਡਾ- ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਬੰਗਾਲੀ ਵਾਲਾ ਪੁਲ ਨਜ਼ਦੀਕ ਸ਼੍ਰੋਮਣੀ ਅਕਾਲੀ ਦੀ ਸੀਨੀਅਰ ਲੀਡਰਸ਼ਿਪ ’ਤੇ ਧਰਨਾ ਲਗਾ ਕੇ ਰਸਤਾ ਜਾਮ ਕਰਨ ਨੂੰ ਲੈ ਕੇ ਮਖੂ ਪੁਲਿਸ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਲੀਡਰਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ, ਜਿਸ ਸੰਬੰਧੀ ਉਹ ਅੱਜ ਪੇਸ਼ੀ ਭੁਗਤ ਕੇ ਜ਼ਮਾਨਤ ਕਰਵਾਉਣ ਆਏ ਸਨ ਅਤੇ ਮਾਣਯੋਗ ਅਦਾਲਤ ਵਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ।