ਸੋਨੀਪਤ 'ਚ ਗੈਂਗਵਾਰ, ਬੰਬੀਹਾ ਗੈਂਗ ਦੇ ਸ਼ੂਟਰ ਦੀਪਕ ਮਾਨ ਦਾ ਗੋਲੀਆਂ ਮਾਰ ਕੇ ਕਤਲ

ਨਵੀਂ ਦਿੱਲੀ, 2 ਅਕਤੂਬਰ ਹਰਿਆਣਾ ਦੇ ਸੋਨੀਪਤ ਤੋਂ ਗੈਂਗਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੰਬੀਹਾ ਗੈਂਗ ਦੇ ਸ਼ੂਟਰ ਦੀਪਕ ਮਾਨ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਸੋਨੀਪਤ ਦੇ ਹਰਸਾਣਾ ਪਿੰਡ ਤੋਂ ਬਰਾਮਦ ਹੋਈ ਹੈ। ਦੀਪਕ ਮਾਨ ਫਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਦਾ ਬਦਨਾਮ ਗੈਂਗਸਟਰ ਸੀ। ਉਸ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਸਮੇਤ ਇਕ ਦਰਜਨ ਗੰਭੀਰ ਮਾਮਲੇ ਦਰਜ ਹਨ। ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਸੋਨੀਪਤ ਸਦਰ ਥਾਣਾ ਪੁਲਿਸ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਨੀਪਤ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।