JALANDHAR WEATHER

ਪੁਰਾਣੀ ਪੈਨਸ਼ਨ ਬਹਾਲੀ ਲਈ ਐਨ.ਪੀ.ਐਸ. ਮੁਲਾਜ਼ਮ ਕਰਨਗੇ 25 ਫਰਵਰੀ ਨੂੰ ਸੰਗਰੂਰ ਵਿਖੇ ਮਹਾਰੈਲੀ

ਸੰਗਰੂਰ, 21 ਫਰਵਰੀ (ਧੀਰਜ ਪਸ਼ੌਰੀਆ)-ਪੁਰਾਣੀ ਪੈਨਸ਼ਨ ਬਹਾਲੀ ਲਈ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮਾਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਜਲਦ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਅਜੇ ਤੱਕ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨਾ ਤਾਂ ਦੂਰ ਐਨ. ਪੀ. ਐਸ. ਕਟੌਤੀ ਵੀ ਬੰਦ ਨਹੀਂ ਕੀਤੀ ਗਈ।

25 ਫਰਵਰੀ ਦੀ ਰੈਲੀ ਦਾ ਪੋਸਟਰ ਜਾਰੀ ਕਰਨ ਤੋਂ ਬਾਅਦ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਬਜੀਤ ਸਿੰਘ ਪੁੰਨਵਾਲ, ਸਤਵੰਤ ਆਲਮਪੁਰ, ਗੁਰਪ੍ਰੀਤ ਕੌਰ ਵਣ ਅਫਸਰ, ਹਰਜੀਤ ਗਲਵੱਟੀ, ਹੁਸ਼ਿਆਰ ਸਿੰਘ, ਗੁਰਮੇਲ ਸਿੰਘ, ਗੁਰਬਖਸ਼ੀਸ਼ ਸਿੰਘ, ਮਨਪ੍ਰੀਤ ਟਿੱਬਾ ਨੇ ਕਿਹਾ ਕਿ ਐਨ. ਪੀ. ਐਸ. ਮੁਲਾਜ਼ਮਾਂ ਵਲੋਂ ਲਗਾਤਾਰ ਇਸ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਮਿਲਣ ਉਤੇ ਵੀ ਟਾਲ-ਮਟੋਲ ਕੀਤੀ ਜਾ ਰਹੀ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨੇ ਮਿਲ ਕੇ ਸਾਂਝਾ ਮੋਰਚਾ ਕਾਇਮ ਕਰਦਿਆਂ ਇਕੱਠਿਆਂ 25 ਫਰਵਰੀ ਨੂੰ ਸੰਗਰੂਰ ਵਿਖੇ ਮਹਾਰੈਲੀ ਕਰਨ ਦਾ ਸੱਦਾ ਦਿੱਤਾ ਹੈ।

ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਵਿਚ ਮੁਲਾਜ਼ਮਾਂ ਵਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਹੋਵੇਗਾ। ਸਮੂਹ ਜਥੇਬੰਦੀਆਂ ਵਲੋਂ ਇਸ ਤੋਂ ਇਲਾਵਾ ਇਹ ਵੀ ਤੈਅ ਕੀਤਾ ਗਿਆ ਹੈ ਕਿ ਪੰਜਾਬ ਤੋਂ ਇਲਾਵਾ ਭਾਰਤ ਦੇ ਹਰ ਰਾਜ ਵਿਚ ਪੰਜਾਬ ਸਰਕਾਰ ਦੀ ਡੰਗ ਟਪਾਊ ਨੀਤੀ ਨੂੰ ਨੰਗਾ ਕੀਤਾ ਜਾਵੇਗਾ।

ਆਮ ਆਦਮੀ ਦੇ ਪੱਖ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਆਪਣੀ ਨਿਪੁੰਨਤਾ ਦੇ ਦਾਅਵੇ ਤਾਂ ਕਰਦੀ ਹੈ ਪਰ ਇਕ ਨੋਟੀਫਿਕੇਸ਼ਨ ਨੂੰ ਅਮਲੀਜਾਮਾ ਪਾਉਣ ਵਿਚ ਜਿਥੇ ਹੋਰ ਰਾਜਾਂ ਦੀਆਂ ਸਰਕਾਰਾਂ ਨੇ 2 ਮਹੀਨੇ ਦਾ ਸਮਾਂ ਵੀ ਨਹੀਂ ਲਿਆ, ਉਥੇ ਪੰਜਾਬ ਸਰਕਾਰ ਆਪਣੇ ਹੀ ਕੀਤੇ ਨੋਟੀਫਿਕੇਸ਼ਨ ਨੂੰ ਡੇਢ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਮਲੀਜਾਮਾ ਨਹੀਂ ਪਹਿਨਾ ਸਕੀ। ਜਦੋਂਕਿ ਪੰਜਾਬ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਾਰਕਾ ਲੈ ਕੇ ਸਿਆਸੀ ਲਾਹਾ ਲਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ