ਖਨੌਰੀ ਚ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਦੀ ਮੌਤ ‘ਤੇ ਜਥੇਦਾਰ ਦਾ ਵੱਡਾ ਬਿਆਨ
ਅੰਮ੍ਰਿਤਸਰ, 22 ਫਰਵਰੀ (ਜਸਵੰਤ ਸਿੰਘ ਜੱਸ) -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਕੋਲ ਕਿਸਾਨਾਂ ਉੱਤੇ ਪੁਲਿਸ ਦੁਆਰਾ ਚਲਾਈਆਂ ਗਈਆਂ ਸਿੱਧੀਆਂ ਗੋਲੀਆਂ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਹਨ, ਨਾ ਕਿ ਕਿਸੇ ਦੁਸ਼ਮਣ ਦੇਸ਼ ਦੇ ਘੁਸਪੈਠੀਏ, ਜਿਨ੍ਹਾਂ ਵੱਲ ਸਰਕਾਰ ਸਿੱਧੀਆਂ ਗੋਲੀਆਂ ਚਲਾ ਕੇ ਉਨ੍ਹਾਂ ਦੀਆਂ ਛਾਤੀਆਂ ਅਤੇ ਸਿਰ ਵਿੰਨ੍ਹ ਰਹੀ ਹੈ। ਉਨ੍ਹਾਂ ਨੂੰ ਆਪਣੇ ਜਮਹੂਰੀ ਅਧਿਕਾਰ ਤਹਿਤ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਵਾਸਤੇ ਸਰਕਾਰ ਵਲੋਂ ਵਰਤੇ ਹਥਕੰਡੇ ਕਿਸੇ ਵੀ ਤਰ੍ਹਾਂ ਜਲ੍ਹਿਆਂਵਾਲੇ ਬਾਗ ‘ਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਨਾਲ ਕੀਤੇ ਜ਼ੁਲਮ ਤੋਂ ਘੱਟ ਨਹੀਂ ਹਨ।