ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਚੰਡੀਗ਼ੜ੍ਹ, 23 ਫਰਵਰੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਕਿਸਾਨ ਅੰਦੋਲਨ ਦੇ ਤਕਰੀਬਨ 400 ਸ਼ਹੀਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰ 1 ਮਹੀਨਾ ਲਗਾਤਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਘਰ ਦੇ ਮੂਹਰੇ ਬੈਠਣ ਤੋਂ ਬਾਅਦ ਆਪਣੀਆਂ ਜਾਇਜ਼ ਮੰਗਾਂ (ਨੌਕਰੀ ਅਤੇ ਮੁਆਵਜ਼ਾ) ਦੀ ਖ਼ਾਤਿਰ ਹੁਣ ਪਿਛਲੇ 15 ਦਿਨਾਂ ਤੋਂ ਲੰਬੀ ਵਿਖੇ ਮਲੋਟ- ਦਿੱਲੀ ਰਾਜਮਾਰਗ ‘ਤੇ ਸ਼ਾਂਤਮਈ ਧਰਨਾ ਦੇ ਰਹੇ ਹਨ, ਪਰ ਆਪਣੇ ਆਪ ਨੂੰ “ਕਿਸਾਨਾਂ ਦੀ ਹਿਤੈਸ਼ੀ”ਪ੍ਰਚਾਰਨ ਵਾਲੀ ਸੂਬਾ ਸਰਕਾਰ ਦੇ ਕੰਨ ‘ਤੇ ਅਜੇ ਤੱਕ ਜੂੰ ਨਹੀਂ ਸਰਕੀ।
ਅੱਜ ਧਰਨੇ ’ਚ ਪੁੱਜ ਕੇ ਕਿਸਾਨ ਵੀਰਾਂ ਦੀ ਗੱਲਬਾਤ ਸੁਣੀ, ਜਿੰਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਲੋਂ ਨੌਕਰੀ ਜਾਂ ਮੁਆਵਜ਼ਾ ਤਾਂ ਕੀ ਦੇਣਾ ਸੀ, ਸਗੋਂ ਤੇਲੰਗਾਨਾ ਸਰਕਾਰ ਵਲੋਂ 750 ਸ਼ਹੀਦ ਕਿਸਾਨ ਪਰਿਵਾਰਾਂ ਲਈ ਭੇਜੀ ਗਈ 3-3 ਲੱਖ ਰੁਪਏ ਦੀ ਰਾਹਤ ਰਾਸ਼ੀ ਵੀ ਅੱਧੇ ਤੋਂ ਵੱਧ ਪੀੜ੍ਹਤ ਪਰਿਵਾਰਾਂ ਤੱਕ ਨਹੀਂ ਪਹੁੰਚਾਈ। ਝੂਠਾਂ ਦੇ ਸਹਾਰੇ ਸੱਤਾ ’ਤੇ ਕਾਬਜ਼ ਹੋਏ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਅਪੀਲ ਕਰਦਾ ਹਾਂ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਖੇਡੀ ਜਾ ਰਹੀ ਤੁਹਾਡੀ ਦੋਹਰੀ ਚਾਲ ਬੁਰੀ ਤਰ੍ਹਾਂ ਬੇਪਰਦ ਹੋ ਚੁੱਕੀ ਹੈ, ਕਿਰਪਾ ਕਰਕੇ ਇਨ੍ਹਾਂ ਦੇ ਜਖ਼ਮਾਂ ’ਤੇ ਲੂਣ ਛਿੜਕਣ ਦੀ ਥਾਂ ਇਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰੋ। ਇਸ ਦੇ ਨਾਲ ਹੀ ਹਰਿਆਣਾ ਦੇ ਬਾਰਡਰ ’ਤੇ ਚੱਲ ਰਹੇ ਮੌਜੂਦਾ ਕਿਸਾਨੀ ਸੰਘਰਸ਼ ਨੂੰ ਵੀ ਸਮਾਪਿਤ ਕਰਾਉਣ ਲਈ ਜਿੱਥੇ ਮੈਂ ਕੇਂਦਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕਰਦਾ ਹਾਂ, ਉੱਥੇ ਹੀ 21 ਸਾਲਾ ਸ਼ੁਭਕਰਨ ਸਿੰਘ ਦੀ ਮੌਤ ਅਤੇ ਦਰਜਨਾਂ ਹੋਰ ਕਿਸਾਨਾਂ ’ਤੇ ਹੋਏ ਤਸ਼ੱਦਦ ਦੇ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਨੂੰ ਵੀ ਉਸ ਵਲੋਂ 22 ਫ਼ਸਲਾਂ ’ਤੇ ਐੱਮ. ਐੱਸ.ਪੀ. ਲਾਗੂ ਕਰਨ ਦੀ ਦਿੱਤੀ ਗਾਰੰਟੀ ਨੂੰ ਪੂਰਾ ਕਰਨ ਲਈ ਆਉਂਦੇ ਵਿਧਾਨ ਸਭਾ ਸੈਸ਼ਨ ’ਚ ਬਿੱਲ ਲਿਆਉਣ ਦੀ ਮੰਗ ਕਰਦਾ ਹਾਂ।