
ਖੋਸਾ ਦਲ ਸਿੰਘ, 1 ਮਾਰਚ (ਮਨਪ੍ਰੀਤ ਸਿੰਘ ਸੰਧੂ) - ਕਸਬਾ ਖੋਸਾ ਦਲ ਸਿੰਘ ਦੇ ਨਜ਼ਦੀਕ ਕਰਮੂੰਵਾਲਾ, ਹੋਲਾਂਵਾਲੀ, ਵਿਰਕਾਂ ਵਾਲੀ, ਇੱਟਾਂਵਾਲੀ, ਮਰਖਾਈ ਆਦਿ ਪਿੰਡਾਂ ਵਿਚ ਸ਼ਾਮ ਸਮੇਂ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਕਾਰਨ ਇਕ ਵਾਰ ਫਿਰ ਪਾਰਾ ਹੇਠਾਂ ਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਵੇਲੇ ਮੀਂਹ ਨਾਲ ਹੋਈ ਭਾਰੀ ਗੜੇਮਾਰੀ ਕਾਰਨ ਜ਼ਮੀਨ ’ਤੇ ਗੜਿਆਂ ਦੀ ਚਿੱਟੀ ਚਾਦਰ ਵਿਛ ਗਈ, ਜਿਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਕਈ ਮਿੰਟ ਹੋਈ ਮੋਟੀ ਗੜੇਮਾਰੀ ਕਾਰਨ ਕਣਕ, ਹਰਾ ਚਾਰਾ, ਮੱਕੀ ਆਦਿ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਗੜੇਮਾਰੀ ਕਾਰਨ ਕਣਕ ਦੇ ਸਿੱਟਿਆਂ ’ਤੇ ਭਾਰੀ ਨੁਕਸਾਨ ਹੋਵੇਗਾ, ਜਿਸ ਨਾਲ ਝਾੜ ਘਟਣ ਦੇ ਆਸਾਰ ਬਣ ਗਏ ਹਨ ਅਤੇ ਪਸ਼ੂਆਂ ਦਾ ਹਰਾ ਚਾਰਾ ਆਉਂਦੇ ਦਿਨਾਂ ਵਿਚ ਸੁੱਕਣ ਦਾ ਡਰ ਵੀ ਮੰਡਰਾ ਰਿਹਾ ਹੈ।