ਜਲੰਧਰ-ਕਪੂਰਥਲਾ ਰੋਡ 'ਤੇ ਖੜ੍ਹੇ ਟਰੱਕ 'ਚ ਸਕਾਰਪੀਓ ਗੱਡੀ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ
ਕਪੂਰਥਲਾ, 3 ਮਾਰਚ (ਅਮਨਜੋਤ ਸਿੰਘ ਵਾਲੀਆ)-ਜਲੰਧਰ-ਕਪੂਰਥਲਾ ਰੋਡ ਉਤੇ ਸਾਇੰਸ ਸਿਟੀ ਨੇੜੇ ਐਤਵਾਰ ਸਵੇਰੇ ਖੜ੍ਹੇ ਟਰੱਕ ਵਿਚ ਸਕਾਰਪੀਓ ਗੱਡੀ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਤਰਨਵੀਰ ਸਿੰਘ ਪੁੱਤਰ ਹਰਨੇਕ ਸਿੰਘ, ਸੁਭਾਸ਼ ਤੇ ਬਲਜਿੰਦਰ ਸਿੰਘ ਕਰਨਾਲ ਤੋਂ ਇਕ ਵਿਆਹ ਸਮਾਗਮ ਤੋਂ ਬਾਅਦ ਕਪੂਰਥਲਾ ਵੱਲ ਨੂੰ ਆ ਰਹੇ ਸਨ, ਜਦੋਂ ਜਲੰਧਰ ਰੋਡ ਉਤੇ ਸਾਇੰਸ ਸਿਟੀ ਨੇੜੇ ਪਹੁੰਚੇ ਤਾਂ ਸੜਕ ਉਤੇ ਖੜ੍ਹੇ ਇਕ ਟਰੱਕ ਨਾਲ ਸਕਾਰਪੀਓ ਗੱਡੀ ਟਕਰਾਅ ਗਈ, ਜਿਸ ਕਾਰਨ ਮਨਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਹੈ ਤੇ ਦਿਲਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਆਰ.ਸੀ.ਐਫ. ਕਪੂਰਥਲਾ ਦਾ ਮੁਲਾਜ਼ਮ ਹੈ।
ਦੋਵੇਂ ਵਾਸੀਆਨ ਆਰ.ਸੀ.ਐਫ. ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਤਰਨਵੀਰ ਸਿੰਘ ਪੁੱਤਰ ਹਰਨੇਕ ਸਿੰਘ, ਸੁਭਾਸ਼ ਤੇ ਬਲਜਿੰਦਰ ਸਿੰਘ ਵਾਸੀਆਨ ਆਰ.ਸੀ.ਐਫ. ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿਥੇ ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾਕਟਰ ਨਵਦੀਪ ਸਿੰਘ ਨੇ ਮਨਜਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਜ਼ਖਮੀ ਤਰਨਵੀਰ ਸਿੰਘ, ਸੁਭਾਸ਼ ਤੇ ਬਲਜਿੰਦਰ ਸਿੰਘ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਦੇ ਨਿਜੀ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੀ ਸਾਇੰਸ ਸਿਟੀ ਚੌਕੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।