ਇਕ ਹੈਂਡ ਗਰਨੇਡ, ਇਕ ਰਿਵਾਲਵਰ 32 ਬੋਰ ਅਤੇ ਫਾਰਚੂਨਰ ਗੱਡੀ ਸਮੇਤ ਦੋ ਵਿਅਕਤੀ ਕਾਬੂ
ਮਲੇਰਕੋਟਲਾ, 2 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ, ਜਸਵੀਰ ਸਿੰਘ ਜੱਸੀ)-ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਸ੍ਰੀਮਤੀ ਡਾ. ਸਿਮਰਤ ਕੌਰ ਆਈ.ਪੀ.ਐਸ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਵੈਭਵ ਸਹਿਗਲ ਐਸ.ਪੀ.ਡੀ ਮਲੇਰਕੋਟਲਾ, ਸ੍ਰੀ ਸਤੀਸ਼ ਕੁਮਾਰ ਡੀ.ਐਸ.ਪੀ. ਡੀ. ਮਲੇਰਕੋਟਲਾ ਦੀ ਨਿਗਰਾਨੀ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਅਤੇ ਕਾਊਂਟਲ ਇੰਟੈਲੀਜੈਂਸ ਸੰਗਰੂਰ ਵਲੋ ਸਾਂਝੇ ਅਭਿਆਨ ਦੌਰਾਨ 31 ਮਾਰਚ ਨੂੰ ਹਰਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰੁੜਕੀ ਕਲਾਂ, ਥਾਣਾ ਸਦਰ ਅਹਿਮਦਗੜ੍ਹ ਅਤੇ ਅਮ੍ਰਿੰਤਪਾਲ ਸਿੰਘ ਉਰਫ਼ ਰਵੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਮੰਨਵੀਂ ਥਾਣਾ ਅਮਰਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਹਰਨਾਮ ਸਿੰਘ ਪਾਸੋਂ ਇਕ ਹੈਂਡ ਗ੍ਰਨੇਡ ਅਤੇ ਅਮ੍ਰਿੰਤਪਾਲ ਸਿੰਘ ਉਰਫ਼ ਰਵੀ ਪਾਸੋਂ ਇਕ ਰਿਵਾਲਵਰ 32 ਬੋਰ ਬਰਾਮਦ ਕਰਕੇ ਉਨ੍ਹਾਂ ਵਿਰੁੱਧ 25/54/59 ਆਰਮਜ ਐਕਟ ਤਹਿਤ ਅਤੇ 5 ਐਕਸਪਲੋਸਿਵ ਐਕਟ 1908 ਥਾਣਾ ਸਦਰ ਅਹਿਮਦਗੜ੍ਹ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ।