ਅਮਰੀਕਾ ਦੀ ਮੋਸਟ ਵਾਂਟੇਡ ਲਿਸਟ ਵਿਚ ਇਕ ਭਾਰਤੀ ਦਾ ਨਾਂਅ ਸ਼ਾਮਿਲ
ਨਿਊਯਾਰਕ, 13 ਅਪ੍ਰੈਲ- ਅਮਰੀਕਾ ਦੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਟਾਪ 10 ਮੋਸਟ ਵਾਂਟੇਡ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਅਹਿਮਦਾਬਾਦ ਦੇ ਵੀਰਮਗਾਮ ਦੇ ਰਹਿਣ ਵਾਲੇ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਿਲ ਹੈ। ਐਫ਼.ਬੀ.ਆਈ. ਨੇ ਉਸ ’ਤੇ 250,000 ਡਾਲਰ ਦਾ ਇਨਾਮ ਰੱਖਿਆ ਹੈ। ਐਫ਼.ਬੀ.ਆਈ. ਨੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਭਦਰੇਸ਼ ਕੁਮਾਰ ਪਟੇਲ 2015 ਤੋਂ ਫ਼ਰਾਰ ਹੈ ਜਦੋਂ ਉਸ ਨੇ ਮੈਰੀਲੈਂਡ ਸੂਬੇ ਦੇ ਹੈਨੋਵਰ ਵਿਚ ਡੰਕਿਨ ਡੋਨਟਸ ਕੌਫੀ ਸ਼ਾਪ ਦੇ ਅੰਦਰ ਕਥਿਤ ਤੌਰ ’ਤੇ ਆਪਣੀ ਪਤਨੀ ਪਲਕ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਐਫ਼.ਬੀ.ਆਈ. ਨੇ ਭਦਰੇਸ਼ ਨੂੰ ਗ੍ਰਿਫ਼ਤਾਰ ਕਰਨ ਵਿਚ ਮਦਦ ਲਈ ਇਕ ਸੂਚੀ ਅਤੇ ਇਨਾਮ ਜਾਰੀ ਕੀਤਾ ਸੀ। ਉਸ ਨੂੰ 2017 ਵਿਚ ਜਾਣਕਾਰੀ ਲਈ 100,000 ਡਾਲਰ ਇਨਾਮ ਦੇ ਨਾਲ ਸੂਚੀਬੱਧ ਕੀਤਾ ਗਿਆ ਸੀ।