ਸਿੰਧੀ ਸਿੱਖਾਂ ਦੇ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਕੱਲ੍ਹ ਜਾਵੇਗਾ ਇੰਦੌਰ- ਐਡਵੋਕੇਟ ਧਾਮੀ

ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸਿੰਧੀ ਸਮਾਜ ਦੇ ਮਾਮਲੇ ਸੰਬੰਧੀ ਸਥਾਨਕ ਸਿੱਖਾਂ ਅਤੇ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਭਲਕੇ ਇਕ ਉੱਚ ਪੱਧਰੀ ਵਫ਼ਦ ਇੰਦੌਰ ਭੇਜਿਆ ਜਾਵੇਗਾ। ਇਹ ਫ਼ੈਸਲਾ ਅੱਜ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਲਿਆ ਗਿਆ ਹੈ। ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੀਤੇ ਦਿਨੀਂ ਇੰਦੌਰ ਵਿਖੇ ਸਿੰਧੀ ਸਿੱਖ ਪਰਿਵਾਰਾਂ ਦੇ ਘਰਾਂ ਅਤੇ ਉਨ੍ਹਾਂ ਵਲੋਂ ਸਥਾਪਤ ਕੀਤੇ ਅਸਥਾਨਾਂ ਤੋਂ ਕੁਝ ਲੋਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਗੰਭੀਰਤਾ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਸੰਜੀਦਾ ਹੈ। ਭਾਵੇਂ ਸਥਾਨਕ ਪੱਧਰ ’ਤੇ ਕਾਰਜਸ਼ੀਲ ਪ੍ਰਚਾਰਕਾਂ ਨੂੰ ਮੌਕੇ ’ਤੇ ਭੇਜਿਆ ਗਿਆ ਸੀ, ਪਰੰਤੂ ਇਸ ਮਾਮਲੇ ਦੇ ਹੱਲ ਲਈ ਹੁਣ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਭਲਕੇ 29 ਜਨਵਰੀ ਨੂੰ ਦੋ ਦਿਨਾਂ ਦੌਰੇ ’ਤੇ ਇੰਦੌਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਛੱਤੀਸਗੜ੍ਹ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਅਤੇ ਆਈ.ਟੀ. ਵਿਭਾਗ ਦੇ ਨੁਮਾਇੰਦੇ ਜਸਕਰਨ ਸਿੰਘ ਸ਼ਾਮਿਲ ਹਨ।