ਤੁਰਕੀ ਤੇ ਸੀਰੀਆ ਲਈ ਸ਼੍ਰੋਮਣੀ ਕਮੇਟੀ ਨੇ ਕੀਤੀ ਮਦਦ ਦੀ ਪੇਸ਼ਕਸ਼
ਅੰਮ੍ਰਿਤਸਰ, 7 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੁਰਕੀ ਅਤੇ ਸੀਰੀਆ ’ਚ ਭੁਚਾਲ ਆਉਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਐਡਵੋਕੇਟ ਧਾਮੀ ਨੇ ਭਾਰਤ ਵਿਚ ਤੁਰਕੀ ਦੇ ਅੰਬੈਸਡਰ ਫ਼ਿਰਾਤ ਸੁਨੇਲ, ਤੁਰਕੀ ਵਿਚ ਭਾਰਤ ਦੇ ਅੰਬੈਸਡਰ ਡਾ. ਵਰਿੰਦਰਪਾਲ, ਸੀਰੀਆ ਵਿਚ ਭਾਰਤ ਦੀ ਅੰਬੈਂਸੀ ਦੇ ਇੰਚਾਰਜ ਸੁਰਿੰਦਰ ਕੁਮਾਰ ਯਾਦਵ ਅਤੇ ਭਾਰਤ ਵਿਚ ਸੀਰੀਆ ਦੇ ਐਬੰਸਡਰ ਡਾ. ਬੱਸਮ ਸਿਫ਼ੇਦੀਨ ਅਲਖ਼ਾਤਿਬ ਨੂੰ ਪੱਤਰ ਲਿਖ ਕੇ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ‘ਵੰਡ ਛੱਕਣਾ’ ਅਤੇ ‘ਸਰਬੱਤ ਦਾ ਭਲਾ’ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਸ਼ ਕੀਤੇ ਮਹੱਤਵਪੂਰਨ ਸਿਧਾਂਤ ਹਨ ਅਤੇ ਇਸੇ ਦੀ ਰੌਸ਼ਨੀ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਕਰਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਤੁਰਕੀ ਅਤੇ ਸੀਰੀਆ ਵਿਚ ਆਏ ਭੁਚਾਲ ਨਾਲ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਕਰਕੇ ਉਥੇ ਵੱਸਦੇ ਨਾਗਰਿਕਾਂ ਨਾਲ ਦਿਲੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸਮੇਂ ਲੋਕਾਂ ਦੇ ਦੁੱਖ ਵਿਚ ਸ਼ਰੀਕ ਹਨ ਅਤੇ ਉਥੋਂ ਦੀਆਂ ਸਰਕਾਰਾਂ ਨੂੰ ਸਿੱਖ ਸੰਸਥਾ ਵਲੋਂ ਸਹਾਇਤਾ ਦੀ ਪੇਸ਼ਕਸ਼ ਕਰਦਿਆਂ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਦੀ ਅਪੀਲ ਕਰਦੇ ਹਨ