ਨੀਟ ਪੇਪਰ ਲੀਕ ਮਾਮਲਾ: ਸੁਪਰੀਮ ਕੋਰਟ ’ਚ ਕੀਤੀ ਜਾ ਰਹੀ ਹੈ ਸੁਣਵਾਈ

ਨਵੀਂ ਦਿੱਲੀ, 22 ਜੁਲਾਈ- ਸੁਪਰੀਮ ਕੋਰਟ ਨੀਟ ਯੂ.ਜੀ. 2024 ਪ੍ਰੀਖਿਆ ਵਿਚ ਕਥਿਤ ਪੇਪਰ ਲੀਕ ਅਤੇ ਬੇਨਿਯਮੀਆਂ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਪਟੀਸ਼ਨਕਰਤਾਵਾਂ-ਵਿਦਿਆਰਥੀਆਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਨਰਿੰਦਰ ਹੁੱਡਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਿਹਾਰ ਪੁਲਿਸ ਦੇ ਜਾਂਚ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਪੇਪਰ ਲੀਕ 4 ਮਈ ਨੂੰ ਹੋਏ ਸਨ ਅਤੇ ਪ੍ਰਸ਼ਨ ਪੱਤਰ ਸੰਬੰਧਿਤ ਬੈਂਕਾਂ ਨੂੰ ਜਮਾਂ ਕਰਵਾਏ ਜਾਣ ਤੋਂ ਪਹਿਲਾਂ ਹੀ ਹੋਇਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਈ-ਰਿਕਸ਼ਾ ਰਾਹੀਂ ਪ੍ਰਸ਼ਨ ਪੱਤਰ ਲਿਜਾਣਾ ਇਕ ਸਥਾਪਿਤ ਤੱਥ ਹੈ, ਪਰ ਛੋਟੀ ਜਿਹੀ ਗੱਲ ਇਹ ਹੈ ਕਿ ਜੋ ਫੋਟੋ ਵੰਡੀ ਗਈ ਸੀ, ਉਹ ਪ੍ਰਸ਼ਨ ਪੱਤਰ ਦੀ ਨਹੀਂ ਸੀ, ਸਗੋਂ ਓ.ਐਮ.ਆਰ. ਸ਼ੀਟ ਦੀ ਸੀ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਮੁਲਜ਼ਮਾਂ ਦੇ ਬਿਆਨ ਪੜ੍ਹੇ। ਸੀ.ਜੇ.ਆਈ. ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਮੁਲਜ਼ਮਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਵਿਦਿਆਰਥੀ 4 ਮਈ ਦੀ ਸ਼ਾਮ ਨੂੰ ਯਾਦ ਕਰਨ ਲਈ ਇਕੱਠੇ ਹੋਏ ਸਨ ਅਤੇ ਇਸ ਦਾ ਮਤਲਬ ਹੈ ਕਿ ਨੀਟ-ਯੂ.ਜੀ. 2024 ਦਾ ਲੀਕ 4 ਮਈ ਤੋਂ ਪਹਿਲਾਂ ਹੋਇਆ ਸੀ।