ਅਮਰੀਕਾ 'ਚ ਗੋਲੀ ਲੱਗਣ ਕਾਰਨ ਬੇਗੋਵਾਲ ਦੇ ਨੌਜਵਾਨ ਸਮੇਤ 2 ਵਿਅਕਤੀਆਂ ਦੀ ਮੌਤ

ਬੇਗੋਵਾਲ, 22 ਜੁਲਾਈ (ਸੁਖਜਿੰਦਰ ਸਿੰਘ)-ਬੀਤੇ ਦਿਨ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਦੁਪਹਿਰ ਨੂੰ ਅਣਪਛਾਤੇ ਕਾਰ ਸਵਾਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਾਹਰ ਕੰਮ ਕਰ ਰਹੇ ਬੇਗੋਵਾਲ ਦੇ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਗਈ ਜਦਕਿ ਤਿੰਨ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਕਸਬਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਸਥਿਤ ਅਵਾਣਾ ਰੋਡ ਦਾ ਰਹਿਣ ਵਾਲਾ ਵਜੋਂ ਹੋਈ, ਜਿਸ ਦੇ ਸਿਰ ਵਿਚ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਮਿਸੀਸਿਪੀ ਅਮਰੀਕਾ ਵਿਖੇ ਸਟੋਰ 'ਤੇ ਕੰਮ ਕਰਦਾ ਸੀ ਜਦੋਂ ਉਹ ਆਪਣੇ ਕੰਮ ਦੌਰਾਨ ਬਾਹਰ ਖੜ੍ਹਾ ਸੀ ਤਾਂ ਇਹ ਘਟਨਾ ਵਾਪਰੀ। ਉਥੇ ਇਕ ਹੋਰ ਮੌਜੂਦ ਵਿਅਕਤੀ ਦੀ ਵੀ ਮੌਤ ਹੋ ਗਈ। ਜਦਕਿ ਤਿੰਨ ਵਿਅਕਤੀ ਹੋਰ ਜ਼ਖਮੀ ਦੱਸੇ ਜਾ ਰਹੇ ਹਨ।