ਕਾਂਗਰਸ ਰੇਲਗੱਡੀਆਂ ਸੰਬੰਧੀ ਲੋਕਾਂ ਦੇ ਦਿਲਾਂ ’ਚ ਕਰ ਰਹੀ ਡਰ ਪੈਦਾ- ਰੇਲ ਮੰਤਰੀ

ਨਵੀਂ ਦਿੱਲੀ, 1 ਅਗਸਤ- ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਲੋਕ ਸਭਾ ’ਚ ਰੇਲਗੱਡੀਆਂ ਦੀ ਸੁਰੱਖਿਆ ’ਤੇ ਗੱਲ ਕੀਤੀ। ਇਸ ’ਤੇ ਵਿਰੋਧੀ ਧਿਰ ਵਲੋਂ ਤਾਜ਼ਾ ਹਾਦਸਿਆਂ ’ਤੇ ਸਵਾਲ ਪੁੱਛੇ ਗਏ ਅਤੇ ਹੰਗਾਮਾ ਕੀਤਾ ਗਿਆ। ਰੇਲ ਮੰਤਰੀ ਨੇ ਕਿਹਾ ਕਿ ਇੱਥੇ ਰੌਲਾ ਪਾਉਣ ਵਾਲਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ 58 ਸਾਲਾਂ ਦੇ ਸੱਤਾ ’ਚ ਰਹਿੰਦਿਆਂ ਉਹ 1 ਕਿਲੋਮੀਟਰ ਦੀ ਦੂਰੀ ’ਤੇ ਵੀ ਆਟੋਮੈਟਿਕ ਟਰੇਨ ਪ੍ਰੋਟੈਕਸ਼ਨ (ਏਟੀਪੀ) ਕਿਉਂ ਨਹੀਂ ਲਗਾ ਸਕੇ। ਅੱਜ ਉਹ ਸਵਾਲ ਚੁੱਕਣ ਦੀ ਹਿੰਮਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮਮਤਾ ਬੈਨਰਜੀ ਰੇਲ ਮੰਤਰੀ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਹਾਦਸਿਆਂ ਦੀ ਗਿਣਤੀ 0.24 ਤੋਂ ਘਟ ਕੇ 0.19 ਹੋ ਗਈ ਹੈ ਤਾਂ ਇਹ ਲੋਕ ਸਦਨ ਵਿਚ ਤਾੜੀਆਂ ਵਜਾਉਂਦੇ ਸਨ ਅਤੇ ਅੱਜ ਜਦੋਂ ਇਹ 0.19 ਤੋਂ ਘਟ ਕੇ 0.3 ਹੋ ਗਏ ਹਨ ਤਾਂ ਉਹ ਅਜਿਹੇ ਦੋਸ਼ ਲਗਾਉਂਦੇ ਹਨ। ਕੀ ਇਹ ਦੇਸ਼ ਇਸੇ ਤਰ੍ਹਾਂ ਚੱਲਦਾ ਰਹੇਗਾ? ਵੈਸ਼ਨਵ ਨੇ ਅੱਗੇ ਕਿਹਾ ਕਿ ਕਾਂਗਰਸ ਸੋਸ਼ਲ ਮੀਡੀਆ ’ਤੇ ਆਪਣੀ ਟ੍ਰੋਲ ਫੌਜ ਦੀ ਮਦਦ ਨਾਲ ਝੂਠ ਬੋਲਦੀ ਹੈ। ਕੀ ਉਹ 2 ਕਰੋੜ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਹਰ ਰੋਜ਼ ਰੇਲਵੇ ਦੁਆਰਾ ਯਾਤਰਾ ਕਰਦੇ ਹਨ?